ਮਾਸਕ ਨਹੀਂ ਤਾਂ ਪੈਟਰੋਲ/ਡੀਜ਼ਲ ਨਹੀਂ ਪੰਪਾਂ ਵਾਲਿਆਂ ਨੇ ਟੰਗੇ ਨਵੇਂ ਬੈਨਰ

By  Panesar Harinder April 3rd 2020 02:42 PM

(ਫ਼ਾਜ਼ਿਲਕਾ) - ਕੋਰੋਨਾ ਮਹਾਮਾਰੀ ਨਾਲ ਚੱਲ ਰਹੀ ਵਿਸ਼ਵ ਵਿਆਪੀ ਜੰਗ ਅਧੀਨ ਪੰਜਾਬ 'ਚ 14 ਅਪ੍ਰੈਲ ਤੱਕ ਤਾਲਾਬੰਦੀ ਕੀਤੀ ਗਈ ਹੈ। ਸਮਾਜਿਕ ਸੰਪਰਕ ਨੂੰ ਘੱਟ ਤੋਂ ਘੱਟ ਰੱਖਣ ਲਈ, ਅਤੇ ਕੋਰੋਨਾ ਸੰਬੰਧੀ ਸਾਵਧਾਨੀਆਂ ਅਪਨਾਉਣ ਲਈ ਸਰਕਾਰ ਅਪੀਲ ਵੀ ਕਰ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਇਸ ਮਾਮਲੇ 'ਚ ਸਖ਼ਤੀ ਵਰਤੀ ਜਾ ਰਹੀ ਹੈ। ਜਿੱਥੇ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਸਰਕਾਰ ਵੱਲੋਂ ਰੋਜ਼ਾਨਾ ਲੋੜਾਂ ਦੀਆਂ ਵਸਤਾਂ ਦੀ ਪਹੁੰਚ ਅਤੇ ਹੋਰਨਾਂ ਪਰੇਸ਼ਾਨੀਆਂ ਦੇ ਹੱਲ ਲਈ ਲਗਾਤਾਰ ਰਾਹਤ ਭਰੇ ਕਦਮ ਚੁੱਕੇ ਜਾ ਰਹੇ ਹਨ, ਉੱਥੇ ਹੀ ਸੁਰੱਖਿਆ ਸਾਵਧਾਨੀਆਂ ਅਪਨਾਉਣ ਦਾ ਇੱਕ ਨਵਾਂ ਤਰੀਕਾ ਫ਼ਾਜ਼ਿਲਕਾ ਵਿਖੇ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਪੈਟਰੋਲ ਪੰਪ ਮਾਲਕਾਂ ਵੱਲੋਂ ਪੰਪਾਂ 'ਤੇ ਲਿਖਤੀ ਨੋਟਿਸ ਲਗਾਏ ਗਏ ਹਨ ਕਿ ਜਦੋਂ ਵੀ ਲੋਕ ਕਿਸੇ ਵਾਹਨ ਵਿੱਚ ਪੈਟਰੋਲ ਜਾਂ ਡੀਜ਼ਲ ਪਵਾਉਣ ਲਈ ਆਉਣ, ਤਾਂ ਮੂੰਹ 'ਤੇ ਮਾਸਕ ਲਾਜ਼ਮੀ ਪਾ ਕੇ ਆਉਣ, ਅਤੇ ਮਾਸਕ ਨਾ ਪਾਇਆ ਹੋਣ 'ਤੇ ਪੈਟਰੋਲ ਡੀਜ਼ਲ ਨਹੀਂ ਪਾਇਆ ਜਾਵੇਗਾ। ਇਹ ਜਾਣਦੇ ਹੋਏ ਕਿ ਕੋਰੋਨਾ ਵਾਇਰਸ ਇੱਕ ਛੂਤ ਦਾ ਰੋਗ ਹੈ, ਆਪਣੀ ਅਤੇ ਦੂਜਿਆਂ ਦੀ ਸਿਹਤ ਸੁਰੱਖਿਆ ਨੂੰ ਲੋੜੀਂਦੀ ਗੰਭੀਰਤਾ ਨਾਲ ਨਾ ਲੈ ਰਹੇ ਲੋਕਾਂ ਲਈ ਇਹ ਅਸੂਲ ਕਾਰਗਰ ਸਾਬਤ ਹੋ ਸਕਦਾ ਹੈ। ਫ਼ਾਜ਼ਿਲਕਾ ਵਿਖੇ ਵੱਖੋ-ਵੱਖ ਪੈਟਰੋਲ ਪੰਪਾਂ ਵੱਲੋਂ ਇਹ ਚਿਤਾਵਨੀ 31 ਮਈ 2020 ਤੱਕ ਲਾਗੂ ਰਹਿਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਸਰਕਾਰੀ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਪੁਲਿਸ ਨਾਲ ਸਹਿਯੋਗ ਕੀਤਾ ਜਾਵੇ। ਕਿਸੇ ਵੀ ਥਾਂ 'ਤੇ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਨਤਕ ਥਾਵਾਂ ‘ਤੇ ਇਕੱਠ ਤੇ ਬੈਠਕਾਂ ਕਰਨ, ਨਾਅਰੇ ਲਾਉਣ, ਜਲੂਸ ਕੱਢਣ ਅਤੇ ਭੜਕਾਊ ਪ੍ਰਚਾਰ ਕਰਨ ‘ਤੇ ਮਨਾਹੀ ਹੈ। ਇਹ ਹੁਕਮ ਸਰਕਾਰੀ ਡਿਊਟੀ ਕਰ ਰਹੇ ਪੁਲਿਸ, ਫ਼ੌਜ ਦੇ ਜਵਾਨ, ਸਰਕਾਰੀ ਡਿਊਟੀਆਂ ਨਿਭਾ ਰਹੇ ਕਰਮਚਾਰੀ ਤੇ ਲਿਖਤੀ ਪ੍ਰਵਾਨਗੀ ਤੋਂ ਬਾਅਦ ਹੋ ਰਹੇ ਵਿਆਹ ਸ਼ਾਦੀਆਂ ‘ਤੇ ਲਾਗੂ ਨਹੀਂ ਹੈ। ਸਰਕਾਰ ਵੱਲੋਂ ਆਨਲਾਈਨ ਸੁਵਿਧਾ ਰਾਹੀਂ ਸੂਬੇ ਭਰ ਦੇ ਲੋਕਾਂ ਨੂੰ ਜ਼ਰੂਰੀ ਆਵਾਜਾਈ ਲਈ ਪਾਸ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਰੋਜ਼ਾਨਾ ਦੀਆਂ ਲੋੜਾਂ ਦਾ ਵਪਾਰ ਕਰਨ ਵਾਲੀਆਂ ਦੁਕਾਨਾਂ, ਦਵਾਈਆਂ ਵਾਲੀਆਂ ਦੁਕਾਨਾਂ ਨੂੰ ਵੀ ਨਿਸ਼ਚਿਤ ਸਮੇਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਕੁਝ ਥਾਵਾਂ 'ਤੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਮਾਹੌਲ ਨੂੰ ਸੁਖਾਵਾਂ ਰੱਖਣ ਲਈ ਸੀ.ਆਰ.ਪੀ.ਐੱਫ. ਵੀ ਤਾਇਨਾਤ ਕੀਤੀ ਗਈ ਹੈ।

Related Post