Coronavirus: ਜੰਮੂ-ਕਸ਼ਮੀਰ ਦੀ 63 ਸਾਲਾ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ,ਭਾਰਤ 'ਚ ਹੁਣ ਤੱਕ 43 ਮਰੀਜ਼

By  Shanker Badra March 9th 2020 02:42 PM

Coronavirus: ਜੰਮੂ-ਕਸ਼ਮੀਰ ਦੀ 63 ਸਾਲਾ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ,ਭਾਰਤ 'ਚ ਹੁਣ ਤੱਕ 43 ਮਰੀਜ਼:ਨਵੀਂ ਦਿੱਲੀ : ਚੀਨ ਤੋਂ ਪੂਰੀ ਦੁਨੀਆ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਕੋਰੋਨਾ ਵਾਇਰਸ ਦਾ ਅਸਰ ਭਾਰਤ ਵਿੱਚ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।

ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 63 ਸਾਲਾ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਔਰਤ ਉਨ੍ਹਾਂ ਦੋ ਯਾਤਰੀਆਂ 'ਚੋਂ ਇਕ ਸੀ,ਜਿਹੜੇ ਹਾਲ ਹੀ 'ਚ ਈਰਾਨ ਤੋਂ ਪਰਤੇ ਸਨ। ਅਧਿਕਾਰੀਆਂ ਮੁਤਾਬਿਕ ਔਰਤ ਦਾ ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਦੇ ਆਇਸੋਲੇਸ਼ਨ ਵਾਰਡ 'ਚ ਇਲਾਜ ਚੱਲ ਰਿਹਾ ਹੈ ਤੇ ਹਾਲਤ ਫਿਲਹਾਲ ਸਥਿਰ ਹੈ।

ਇਸ ਦੇ ਇਲਾਵਾ ਕੇਰਲ 'ਚ ਤਿੰਨ ਸਾਲ ਦੇ ਬੱਚੇ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਬੱਚਾ ਹਾਲ ਹੀ 'ਚ ਇਟਲੀ ਤੋਂ ਪਰਿਵਾਰ ਸਮੇਤ ਆਇਆ ਹੈ। ਫਿਲਹਾਲ ਬੱਚੇ ਤੇ ਉਸ ਦੇ ਪਰਿਵਾਰ ਨੂੰ ਐਰਨਾਕੁਲਮ ਮੈਡੀਕਲ ਕਾਲਜ 'ਚ ਆਇਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਇਕ ਲੱਖ ਸੱਤ ਹਜ਼ਾਰ ਲੋਕ ਸੰਕ੍ਰਮਿਤ ਹੋ ਚੁੱਕੇ ਹਨ ਜਦਕਿ 3600 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਦੌਰਾਨ ਕਤਰ ਨੇ ਇਟਲੀ ਤੋਂ ਆਉਣ ਤੇ ਜਾਣ ਵਾਲੀਆਂ ਉਡਾਨਾਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਬੰਗਲਾਦੇਸ਼, ਚੀਨ, ਮਿਸਰ, ਭਾਰਤ, ਈਰਾਨ, ਇਰਾਕ, ਲਿਬਨਾਨ, ਨੇਪਾਲ, ਪਾਕਿਸਤਾਨ, ਫਿਲਪੀਨ, ਦੱਖਣੀ ਕੋਰੀਆ, ਸ੍ਰੀਲੰਕਾ, ਸੀਰੀਆ ਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਦੇ ਪ੍ਰਵੇਸ਼ 'ਤੇ ਰੋਕ ਲਗਾ ਦਿੱਤੀ ਹੈ।

ਜੰਮੂ ਤੇ ਕਸ਼ਮੀਰ ਦੇ ਪ੍ਰਮੁੱਖ ਸਕੱਤਰ ਯੋਜਨਾ, ਰੋਹਿਤ ਕੰਸਲ ਨੇ ਦੱਸਿਆ ਕਿ ਜੰਮੂ ਦੇ ਸਤਵਾਰੀ ਤੇ ਸਰਵਾਲ ਖੇਤਰਾਂ 'ਚ 400 ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨ੍ਹਾਂ ਖੇਤਰਾਂ 'ਚ ਆਂਗਨਬਾੜੀ ਕੇਂਦਰ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਕੇਰਲ ਦੇ ਪਠਾਨਮਥਿੱਟਾ ਜ਼ਿਲ੍ਹਾ ਕਲੈਕਟਰ ਨੇ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ 3 ਦਿਨਾਂ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਹੈ।

-PTCNews

Related Post