ਭਾਰਤ ਵੱਲੋਂ COVID-19 ਦੀ ਵੈਕਸੀਨ ਬਣਾਉਣ ਲਈ ਕੰਮ ਸ਼ੁਰੂ

By  Panesar Harinder May 10th 2020 05:53 PM

ਨਵੀਂ ਦਿੱਲੀ - ਸਾਰੀ ਦੁਨੀਆ 'ਚ ਇਸ ਵੇਲੇ ਕੋਰੋਨਾ ਵਾਇਰਸ ਦਾ ਮਸਲਾ ਬਾਕੀ ਸਾਰੇ ਮਸਲਿਆਂ ਉੱਤੇ ਭਾਰੂ ਪਿਆ ਹੋਇਆ ਹੈ ਅਤੇ ਛੂਤ ਰਾਹੀਂ ਫ਼ੈਲਣ ਵਾਲੀ ਇਸ ਬਿਮਾਰੀ ਦੇ ਇਲਾਜ ਦਾ ਵੈਕਸੀਨ ਇਸ ਵੇਲੇ ਸੰਸਾਰੇ ਭਰ ਦੇ ਸਿਹਤ ਵਿਗਿਆਨੀਆਂ ਦੀ ਖੋਜ ਦਾ ਕੇਂਦਰ ਹੈ। ਇਸੇ ਦਿਸ਼ਾ 'ਚ ਅੱਗੇ ਵਧਦੇ ਹੋਏ ਹੁਣ ਭਾਰਤ ਨੇ ਵੀ COVID-19 ਦੀ ਵੈਕਸੀਨ ਵੱਲ੍ਹ ਸਾਕਾਰਾਤਮਕ ਢੰਗ ਨਾਲ ਕਦਮ ਵਾਧੇ ਹਨ।

ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਤਬਾਹੀ ਦੇ ਅਣਕਿਆਸੇ ਮੰਜ਼ਰ ਦਿਖਾ ਦਿੱਤੇ ਹਨ ਤੇ ਸੰਸਾਰ ਭਰ 'ਚ ਵਸਦੀ ਬਹੁ-ਗਿਣਤੀ ਮਨੁੱਖਤਾ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਤੋਂ ਬਚਾਅ ਲਈ ਦੇਸ਼-ਵਿਆਪੀ ਲੌਕਡਾਊਨ ਲਾਗੂ ਕੀਤਾ ਗਿਆ ਹੈ। ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਰ ਰੋਜ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦੀਆਂ ਖ਼ਬਰਾਂ ਚਿੰਤਾ ਦਾ ਵਿਸ਼ਾ ਹਨ ਅਤੇ ਇਸ ਵਧਦੇ ਅੰਕੜੇ ਦੇ ਮੱਦੇਨਜ਼ਰ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਭਾਰਤ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ ।

ਇੰਡੀਅਨ ਕਾਉਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੇ ਨਾਲ ਮਿਲ ਕੇ ਦੇਸ਼ ਵਿੱਚ ਹੀ ਕੋਰੋਨਾ ਵਾਇਰਸ ਲਈ ਵੈਕਸੀਨ ਤਿਆਰ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਸਾਂਝੇ ਤੌਰ 'ਤੇ ਦੋਵੇਂ ਅਦਾਰੇ ਇਸ ਕੋਸ਼ਿਸ਼ ਵਿੱਚ ਜੁਟ ਗਏ ਹਨ ਕਿ ਕੋਰੋਨਾ ਦੇ ਇਲਾਜ ਲਈ ਜਲਦ ਹੀ ਦੇਸ਼ ਵਿੱਚ ਵੈਕਸੀਨ ਤਿਆਰ ਕੀਤੀ ਜਾ ਸਕੇ ।

ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰਨ ਲਈ ਪੁਣੇ ਦੀ ਲੈਬ ਤੋਂ ਵਾਇਰਸ ਸਟ੍ਰੇਨ ਨੂੰ ਭਾਰਤ ਬਾਇਓਟੈਕ ਨੂੰ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਤਿਆਰ ਹੋ ਜਾਂਦੀ ਹੈ ਤਾਂ ਇਸ ਦਾ ਪਹਿਲਾਂ ਜਾਨਵਰਾਂ 'ਤੇ ਟ੍ਰਾਇਲ ਕੀਤਾ ਜਾਵੇਗਾ। ਜੇਕਰ ਇਹ ਟ੍ਰਾਇਲ ਜਾਨਵਰਾਂ 'ਤੇ ਸਫ਼ਲ ਸਾਬਤ ਹੁੰਦਾ ਹੈ ਤਾਂ ਬਾਅਦ ਵਿੱਚ ਇਸ ਦਾ ਇਨਸਾਨਾਂ 'ਤੇ ਟ੍ਰਾਇਲ ਕੀਤਾ ਜਾਵੇਗਾ ।

ਸਾਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈਣ ਵਾਲੀ ਮਹਾਮਾਰੀ ਕੋਰੋਨਾ ਵਾਇਰਸ ਦੇ ਖਾਤਮੇ ਦੀ ਵੈਕਸੀਨ ਦੀ ਖੋਜ 'ਚ ਦੁਨੀਆ ਭਰ ਦੇ ਸਿਹਤ ਵਿਗਿਆਨੀ ਲੱਗੇ ਹੋਏ ਹਨ। ਹਾਲਾਂਕਿ ਇਟਲੀ ਅਤੇ ਇਜ਼ਰਾਇਲ ਵਰਗੇ ਦੇਸ਼ਾਂ ਵੱਲੋਂ COVID-19 ਦੀ ਵੈਕਸੀਨ ਬਣਾਉਣ ਦਾ ਦਾਅਵਾ ਵੀ ਕੀਤਾ ਜਾ ਚੁੱਕਿਆ ਹੈ।

ਭਾਰਤ ਅੰਦਰ COVID-19 ਦੇ ਪ੍ਰਕੋਪ ਦੀ ਗੱਲ ਕਰੀਏ ਤਾਂ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧ ਕੇ 59,662, ਅਤੇ ਮੌਤਾਂ ਦੀ ਗਿਣਤੀ 1,981 ਹੋ ਗਈ। ਭਾਰਤ ਵੱਲੋਂ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਦੀ ਦਿਸ਼ਾ ਵੱਲ ਵਧਣ ਨਾਲ ਆਸ ਦੀ ਕਿਰਨ ਨੇੜੇ ਹੁੰਦੀ ਨਜ਼ਰ ਆਈ ਹੈ।

Related Post