ਕੋਰੋਨਾ ਦੇ ਖਿਲਾਫ਼ ਲੜਾਈ 'ਚ ਅੱਗੇ ਆਏ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ, ਦਾਨ ਕੀਤੇ 50 ਲੱਖ ਰੁਪਏ

By  Shanker Badra March 27th 2020 03:34 PM

ਕੋਰੋਨਾ ਦੇ ਖਿਲਾਫ਼ ਲੜਾਈ 'ਚ ਅੱਗੇ ਆਏ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ, ਦਾਨ ਕੀਤੇ 50 ਲੱਖ ਰੁਪਏ:ਮੁੰਬਈ : ਕੋਰੋਨਾ ਵਾਇਰਸ ਦਾ ਸੰਕਟ ਪੂਰੇ ਦੇਸ਼ ਵਿਚ ਫੈਲ ਗਿਆ ਹੈ। ਜਿਸ ਕਾਰਨ ਪੂਰੇ ਭਾਰਤ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ। ਇਸ ਦੀ ਲਾਗ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਓਥੇ ਹੀ ਲਾਕਡਾਊਨ ਕਰਕੇ ਮਜ਼ਦੂਰਾਂ ਅਤੇ ਗਰੀਬਾਂ 'ਤੇ ਬਹੁਤ ਪ੍ਰਭਾਵ ਪੈ ਰਿਹਾ ਹੈ। ਲਾਕਡਾਊਨ ਕਰਕੇ ਮਜ਼ਦੂਰਾਂ ਨੂੰ ਘਰ ਬੈਠਣਾ ਪਿਆ ਹੈ। ਅਜਿਹੀ ਸਥਿਤੀ ਵਿਚ ਕਈ ਫਿਲਮੀ ਅਤੇ ਖੇਡ ਸਿਤਾਰੇ ਇਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।

ਭਾਰਤੀ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਵੀ ਕੋਰੋਨਾ ਵਾਇਰਸ ਖਿਲਾਫ ਲੜਾਈ ਲੜਨ ਵਿਚ 50 ਲੱਖ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਆਮ ਕ੍ਰਿਕਟ ਪ੍ਰਸ਼ੰਸਕਾਂ ਵਿਚ ਇਸ ਗੱਲ ਦੀ ਕਾਫ਼ੀ ਚਰਚਾ ਹੋ ਰਹੀ ਸੀ ਕਿ ਕਰੋੜਾਂ ਅਤੇ ਅਰਬਾਂ ਰੁਪਏ ਦੀ ਕੀਮਤ ਵਾਲੇ ਕ੍ਰਿਕਟਰਾਂ ਨੇ ਮਦਦ ਲਈ ਆਪਣੇ ਖਜ਼ਾਨੇ ਦਾ ਮੂੰਹ ਕਿਉਂ ਨਹੀਂ ਖੋਲ੍ਹਿਆ। ਹਾਲਾਂਕਿ ਸਚਿਨ ਤੇਂਦੁਲਕਰ ਨੇ ਵੀ ਸਾਰਿਆਂ ਨੂੰ ਸੁਨੇਹਾ ਭੇਜਿਆ ਹੈ। ਸਚਿਨ ਤੇਂਦੂਲਕਰ ਨੇ 25 ਲੱਖ ਰੁਪਏ ਪ੍ਰਧਾਨ ਮੰਤਰੀ ਫੰਡ ਤੇ 25 ਲੱਖ ਰੁਪਏ ਮਹਾਰਾਸ਼ਟਰ ਮੁੱਖ ਮੰਤਰੀ ਰਾਹਤ ਫੰਡ 'ਚ ਦਾਨ ਵਿਚ ਦੇਣ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਲਈ 50 ਲੱਖ ਰੁਪਏ ਦਾਨ ਕੀਤੇ ਹਨ। ਉਸਨੇ ਇਹ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ 'ਤੇ ਰਾਹੀਂ ਸ਼ੇਅਰ ਕੀਤੀ ਹੈ। ਇਸ ਦੇ ਇਲਾਵਾ ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਾਹਤ ਫੰਡ 'ਚ 5-5 ਲੱਖ ਰੁਪਏ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 537,340 ਮਾਮਲੇ ਸਾਹਮਣੇ ਆ ਚੁਕੇ ਹਨ,ਜਿਨ੍ਹਾਂ 'ਚੋਂ 24,136 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਵੀ ਇਸ ਨਾਲ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 724 ਲੋਕ ਪਾਜੀਟਿਵ ਪਾਏ ਗਏ ਹਨ ਅਤੇ 17 ਲੋਕ ਆਪਣੀ ਜਾਨ ਗੁਆ ਬੈਠੇ ਹਨ। ਦੇਸ਼ ਭਰ 'ਚ 14 ਅਪ੍ਰੈਲ ਤੱਕ ਲਾਕਡਾਊਨ ਲਗਾਇਆ ਹੋਇਆ ਹੈ।

-PTCNews

Related Post