ਸੰਗਰੂਰ 'ਚ ਮਿਲਿਆ ਦੂਜਾ ਕੋਰੋਨਾ ਪਾਜ਼ੀਟਿਵ ਮਰੀਜ਼, ਅਹਿਮਦਗੜ੍ਹ ਦੇ ਪਿੰਡ ਦਹਿਲੀਜ ਕਲਾਂ ਦਾ ਵਸਨੀਕ

By  Shanker Badra April 10th 2020 11:53 AM

ਸੰਗਰੂਰ 'ਚ ਮਿਲਿਆ ਦੂਜਾ ਕੋਰੋਨਾ ਪਾਜ਼ੀਟਿਵ ਮਰੀਜ਼, ਅਹਿਮਦਗੜ੍ਹ ਦੇ ਪਿੰਡ ਦਹਿਲੀਜ ਕਲਾਂ ਦਾ ਵਸਨੀਕ:ਸੰਗਰੂਰ: ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੋਹਾਲੀ ਜ਼ਿਲ੍ਹਾ ਪੰਜਾਬ 'ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ ,ਜਿੱਥੇ ਜ਼ਿਲ੍ਹੇ 'ਚ ਕੋਰੋਨਾ ਦੇ ਹੁਣ ਤੱਕ 38 ਕੇਸ ਸਾਹਮਣੇ ਆਏ ਹਨ। ਜਿਸ ਨਾਲ ਜਿਲ੍ਹੇ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ। ਸੰਗਰੂਰ ਵਿੱਚ ਹੁਣ ਕੋਰੋਨਾ ਵਾਇਰਸ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਵਿੱਚ ਕੋਰੋਨਾ ਵਾਇਰਸ ਦਾ ਦੂਜਾ ਮਾਮਲਾ ਅਹਿਮਦਗੜ੍ਹ ਕਸਬੇ ਦੇ ਪਿੰਡ ਦਹਿਲੀਜ ਕਲਾਂ ਤੋਂ ਸਾਹਮਣੇ ਆਇਆ ਹੈ।ਇਸ ਤੋਂ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਪੀੜਤ ਵਿਅਕਤੀ ਮਾਲੇਰਕੋਟਲਾ ਦਾ ਵਸਨੀਕ ਹੈ, ਜਦੋਂ ਕਿ ਹੁਣ ਪੁਸ਼ਟੀ ਕੀਤੀ ਗਈ ਹੈ ਕਿ ਪੀੜਤ ਅਹਿਮਦਗੜ੍ਹ ਦੇ ਪਿੰਡ ਦਹਿਲੀਜ ਕਲਾਂ ਦਾ ਰਹਿਣ ਵਾਲਾ ਹੈ ਜਦਕਿ ਬੀਤੇ ਕੱਲ ਸੰਗਰੂਰ ਦੇ ਨੇੜਲੇ ਪਿੰਡ ਗੱਗੜਪੁਰ ਦੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਮਿਲੀ ਜਾਣਕਾਰੀ ਮੁਤਾਬਕ ਅਕੀਲ ਨਾਂ ਦੇ ਇਸ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਇਸ ਦੇ ਮੱਦੇਨਜ਼ਰ ਸੰਗਰੂਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਥਾਨਕ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੀ ਲੋਕ ਇਸ ਵਿਅਕਤੀ ਦੇ ਸੰਪਰਕ ਵਿੱਚ ਆਏ ਹਨ, ਉਹ ਆਪਣੇ ਆਪ ਨੂੰ ਕੁਆਰੰਟਾਈਨ ਕਰ ਲੈਣ ਅਤੇ ਇਸ ਸਬੰਧੀ ਸੂਚਨਾ ਹੈਲਪਲਾਈਨ ਨੰਬਰ 01672-232304 'ਤੇ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦੇ ਸੈਂਪਲ ਲੈ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਪੰਜਾਬ 'ਚ ਅੱਜ ਸਵੇਰੇ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ ਹੋ ਗਈ ਹੈ। ਮੋਹਾਲੀ ਦੇ ਮੁੰਡੀ ਖਰੜ 'ਚ ਕੋਰੋਨਾ ਵਾਇਰਸ ਨਾਲ ਇੱਕ 74 ਸਾਲਾ ਔਰਤ ਦੀ ਮੌਤ ਹੋ ਗਈ ਹੈ। ਮਹਿਲਾ ਦੀ ਪਛਾਣ ਰਾਜ ਕੁਮਾਰੀ ਵਜੋਂ ਹੋਈ ਹੈ। ਮੋਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨਾਲ ਇਹ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਓਮ ਪ੍ਰਕਾਸ਼ ਵੀ ਆਪਣੀ ਜਾਨ ਗਵਾ ਚੁੱਕਾ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 132 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ - 38 , ਨਵਾਂਸ਼ਹਿਰ - 19 , ਅੰਮ੍ਰਿਤਸਰ - 11 , ਜਲੰਧਰ - 11 , ਮਾਨਸਾ - 11 , ਲੁਧਿਆਣਾ – 10, ਹੁਸ਼ਿਆਰਪੁਰ - 7 , ਪਠਾਨਕੋਟ - 7 , ਮੋਗਾ - 4 , ਰੋਪੜ - 3 , ਫਤਿਹਗੜ੍ਹ ਸਾਹਿਬ - 2 , ਫਰੀਦਕੋਟ - 2 , ਸੰਗਰੂਰ - 2 ,ਬਰਨਾਲਾ - 2, ਪਟਿਆਲਾ - 1 , ਕਪੂਰਥਲਾ - 1 , ਸ੍ਰੀ ਮੁਕਤਸਰ ਸਾਹਿਬ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 12 ਮੌਤਾਂ ਹੋ ਚੁੱਕੀਆਂ ਹਨ ਅਤੇ 18 ਮਰੀਜ਼ ਠੀਕ ਹੋ ਚੁੱਕੇ ਹਨ। -PTCNews

Related Post