ਕੀਟਾਣੂਨਾਸ਼ਕ ਛਿੜਕਣ ਨਾਲ ਨਹੀਂ ਖ਼ਤਮ ਹੋਵੇਗਾ ਕੋਰੋਨਾ, ਉਲਟਾ ਸਿਹਤ ਨੂੰ ਖ਼ਤਰਾ - WHO

By  Panesar Harinder May 18th 2020 12:38 PM

ਜੇਨੇਵਾ - ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਅਕਸਰ ਵੱਖੋ-ਵੱਖ ਇਲਾਕਿਆਂ ਤੋਂ ਕੀਟਾਣੂਨਾਸ਼ਕ ਸਪਰੇਅ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਪਰ ਇਸ ਬਾਰੇ ਹੁਣ ਵਿਚਵ ਸਿਹਤ ਸੰਗਠਨ (World Health Organization) ਨੇ ਇੱਕ ਨਵੇਂ ਤੇ ਅਹਿਮ ਪੱਖ ਤੋਂ ਪਰਦਾ ਚੁੱਕਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਸਾਵਧਾਨ ਕੀਤਾ ਹੈ ਕਿ ਸੜਕਾਂ ਤੇ ਗਲੀਆਂ 'ਚ ਕੀਟਾਣੂਨਾਸ਼ਕ ਦਾ ਛਿੜਕਾਅ ਕਰਨ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਨਹੀਂ ਹੋਵੇਗਾ, ਅਤੇ ਇਸ ਦੇ ਉਲਟ, ਅਜਿਹਾ ਛਿੜਕਾਅ ਇਨਸਾਨਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। WHO ਦਾ ਕਹਿਣਾ ਹੈ ਕਿ ਕਿਸੇ ਰਸਾਇਣ ਦਾ ਛਿੜਕਾਅ ਕਰਨ ਨਾਲ ਸਤ੍ਹਾ 'ਤੇ ਮੌਜੂਦ ਵਾਇਰਸ ਜਾਂ ਪੈਥੋਜ਼ਨ ਖਤਮ ਨਹੀਂ ਹੁੰਦੇ। ਇਸ ਤਰ੍ਹਾਂ ਦਾ ਛਿੜਕਾਅ ਗੰਦਗੀ ਤੇ ਮਲਬੇ 'ਚ ਮਿਲ ਕੇ ਬੇਅਸਰ ਹੋ ਜਾਂਦਾ ਹੈ। ਇਹੀਂ ਨਹੀਂ, ਛਿੜਕਾਅ ਦੇ ਸਾਰੀਆਂ ਥਾਵਾਂ 'ਤੇ ਨਾ ਪਹੁੰਚਣ ਕਾਰਨ ਸੰਕ੍ਰਮਣ ਵਧਣ ਦੀ ਵੀ ਸੰਭਾਵਨਾ ਹੁੰਦੀ ਹੈ।

WHO ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਸਥਿਤੀ 'ਚ ਲੋਕਾਂ ਉੱਪਰ ਕਿਸੇ ਕਿਸਮ ਦੇ ਕੀਟਾਣੂਨਾਸ਼ਕ ਦਾ ਛਿੜਕਾਅ ਨਾ ਕੀਤਾ ਜਾਵੇ। ਇਨ੍ਹਾਂ ਵਿੱਚ ਮੌਜੂਦ ਕਲੋਰੀਨ ਤੇ ਦੂਜੇ ਜ਼ਹਿਰੀਲੇ ਕੈਮੀਕਲ ਦਾ ਛਿੜਕਾਅ ਅੱਖਾਂ 'ਚ ਜਲਨ ਤੇ ਸਾਹ ਲੈਣ 'ਚ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। WHO ਨੇ ਕਿਹਾ ਹੈ ਕਿ ਕਲੋਰੀਨ ਜਾਂ ਹੋਰ ਜ਼ਹਿਰੀਲੇ ਰਸਾਇਣਾਂ ਦਾ ਛਿੜਕਾਅ ਕਰਨ ਨਾਲ ਇਨਸਾਨੀ ਸਿਹਤ 'ਤੇ ਬ੍ਰੌਨਕੋਸਪੈਜ਼ਮ ਤੇ ਗੈਸਟ੍ਰੋਇੰਟੇਸਟਾਈਨਲ ਵਰਗੇ ਹਾਨੀਕਾਰਕ ਪ੍ਰਭਾਵ ਪੈ ਸਕਦੇ ਹਨ।

ਕੀਟਾਣੂਨਾਸ਼ਕ ਦੀ ਵਰਤੋਂ ਕਿਸੇ ਕੱਪੜੇ ਜਾਂ ਪੋਚੇ ਨਾਲ ਕੀਤੀ ਜਾ ਸਕਦੀ ਹੈ। ਇਸ ਨਾਲ ਹਾਨੀਕਾਰਕ ਤੱਤ ਹਵਾ 'ਚ ਨਹੀਂ ਫੈਲਣਗੇ ਤੇ ਨੁਕਸਾਨ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਅਲਕੋਹਲ ਯੁਕਤ ਕੀਟਾਣੂਨਾਸ਼ਕ (ਹੈਂਡ ਸੈਨੇਟਾਈਜ਼ਰ) ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕਰਦਿਆਂ ਇਸ ਨੂੰ ਕੋਰੋਨਾ ਖ਼ਿਲਾਫ਼ ਇਸ ਨੂੰ ਅਸਰਦਾਰ ਦੱਸਿਆ ਸੀ।

ਜ਼ਿਕਰਯੋਗ ਹੈ ਕਿ ਦੁਨੀਆਭਰ 'ਚ ਲੌਕਡਾਊਨ, ਕਰਫ਼ਿਊ ਤੇ ਸਮਾਜਿਕ ਦੂਰੀਆਂ ਬਣਾਏ ਰੱਖਣ ਵਰਗੇ ਵਿਸ਼ਵ-ਵਿਆਪੀ ਕਦਮ ਚੁੱਕਣ ਦੇ ਬਾਵਜੂਦ ਸੰਸਾਰ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 46 ਲੱਖ ਤੋਂ ਪਾਰ ਲੰਘ ਚੁੱਕੀ ਹੈ, ਅਤੇ ਸੰਕ੍ਰਮਣ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਤਿੰਨ ਲੱਖ ਤੋਂ ਪਾਰ ਪਹੁੰਚ ਗਿਆ ਹੈ। ਅਮਰੀਕਾ 'ਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ 'ਚ ਬੀਤੇ 24 ਘੰਟਿਆਂ 'ਚ 1237 ਲੋਕਾਂ ਦੀ ਮੌਤ ਹੋਈ ਹੈ। ਰੂਸ 'ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਰੂਸ 'ਚ ਕੋਰੋਨਾ ਦੇ ਹੁਣ ਤਕ 272043 ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ ਕੁੱਲ 2537 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 63166 ਲੋਕ ਠੀਕ ਹੋਏ ਹਨ।

ਭਾਰਤ ਦੀ ਗੱਲ ਕਰੀਏ ਤਾਂ ਕੁੱਲ ਮਾਮਲਿਆਂ ਦੀ ਗਿਣਤੀ 96,169 ਤੱਕ ਪਹੁੰਚ ਚੁੱਕੀ ਹੈ, 36,824 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ ਅਤੇ 3029 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 5,242 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ 24 ਘੰਟਿਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ ਅਤੇ ਵੱਡੀ ਚਿੰਤਾ ਦਾ ਵਿਸ਼ਾ ਹੈ।

Related Post