ਤੇਲੰਗਾਨਾ 'ਚ 29 ਮਈ ਤੱਕ ਵਧਿਆ ਲੌਕਡਾਊਨ

By  Panesar Harinder May 6th 2020 06:52 PM -- Updated: May 6th 2020 06:53 PM

ਹੈਦਰਾਬਾਦ - ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਸੂਬੇ 'ਚ ਲਾਕਡਾਊਨ ਦੀ ਮਿਆਦ 29 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਦੇਸ਼ ਭਰ 'ਚ ਲਗਾਇਆ ਗਿਆ ਲਾਕਡਾਊਨ 17 ਮਈ ਨੂੰ ਖ਼ਤਮ ਹੋ ਰਿਹਾ ਹੈ।

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਰਾਓ ਨੇ ਕਿਹਾ, "ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਦਾ ਕੰਮ ਸ਼ਾਮ 6 ਵਜੇ ਤੱਕ ਨਿਪਟਾ ਲੈਣ ਅਤੇ ਸਮਾਂ ਰਹਿੰਦੇ ਵਾਪਸ ਆਪਣੇ ਘਰ ਪਹੁੰਚ ਜਾਣ। ਸੂਬੇ 'ਚ ਸ਼ਾਮ 7 ਵਜੇ ਤੋਂ ਕਰਫ਼ਿਊ ਲਾਗੂ ਕਰ ਦਿੱਤਾ ਜਾਵੇਗਾ। ਇਸ ਦੌਰਾਨ ਜੇ ਕਰ ਕਿਸੇ ਨੂੰ ਬਾਹਰ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਪੁਲਿਸ ਕਾਰਵਾਈ ਕਰੇਗੀ।"

ਮੁੱਖ ਮੰਤਰੀ ਰਾਓ ਨੇ ਕਿਹਾ ਨੇ ਇਹ ਜਾਣਕਾਰੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਲੋਕਾਂ ਦੀ ਰਾਏ ਹੈ ਕਿ ਲੌਕਡਾਊਨ ਵਧਾ ਦਿੱਤਾ ਜਾਵੇ।

ਪਿਛਲੇ ਮਹੀਨੇ ਵੀ ਕੇਂਦਰ ਸਰਕਾਰ ਵੱਲੋਂ ਦੇਸ਼-ਵਿਆਪੀ ਲੌਕਡਾਊਨ 3 ਮਈ ਤੱਕ ਵਧਾਏ ਜਾਣ ਦੇ ਐਲਾਨ ਤੋਂ ਪਹਿਲਾਂ ਹੀ ਤੇਲੰਗਾਨਾ ਸਰਕਾਰ ਨੇ ਸੂਬੇ 'ਚ ਲੌਕਡਾਊਨ 7 ਮਈ ਤੱਕ ਰਹਿਣ ਦੀ ਘੋਸ਼ਣਾ ਕਰ ਦਿੱਤੀ ਸੀ।

ਮੁੱਖ ਮੰਤਰੀ ਰਾਓ ਨੇ ਅੱਗੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 1,096 ਲੋਕ ਕੋਰੋਨਾ ਸੰਕ੍ਰਮਣ ਦੇ ਸ਼ਿਕਾਰ ਪਾਏ ਗਏ ਹਨ। ਅਤੇ 628 ਲੋਕਾਂ ਦਾ ਇਲਾਜ ਹੋ ਚੁੱਕਿਆ ਹੈ ਤੇ 439 ਲੋਕਾਂ ਦਾ ਇਲਾਜ ਜਾਰੀ ਹੈ। ਤੇਲੰਗਾਨਾ 'ਚ ਹੁਣ ਤੱਕ ਕੋਰੋਨਾ ਮਹਾਮਾਰੀ ਕਾਰਨ 29 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤੇਲੰਗਾਨਾ ਦੇ 3 ਜ਼ਿਲ੍ਹੇ ਹੈਦਰਾਬਾਦ, ਮੇਡਚਲ ਅਤੇ ਰੰਗਾਰੈੱਡੀ 'ਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਕੋਪ ਦੇਖਣ ਨੂੰ ਮਿਲਿਆ ਹੈ। ਕੁੱਲ ਗਿਣਤੀ ਦੇ 66 ਫ਼ੀਸਦੀ ਮਾਮਲੇ ਇਨ੍ਹਾਂ 3 ਜ਼ਿਲ੍ਹਿਆਂ ਤੋਂ ਹੀ ਆਏ ਹਨ ਜੋ ਇਸ ਵੇਲੇ ਸੂਬਾ ਸਰਕਾਰ ਤੇ ਸੂਬੇ ਦੇ ਸਿਹਤ ਵਿਭਾਗ ਲਈ ਸਭ ਤੋਂ ਵੱਡੀ ਸਿਰਦਰਦੀ ਬਣੇ ਹੋਏ ਹਨ।

ਇਨ੍ਹਾਂ ਬਾਰੇ ਦੱਸਦੇ ਹੋਏ ਮੁੱਖ ਮੰਤਰੀ ਰਾਓ ਨੇ ਕਿਹਾ ਕਿ ਸੂਬੇ ਦੇ 6 ਜ਼ਿਲ੍ਹੇ ਰੈੱਡ ਜ਼ੋਨ 'ਚ ਹਨ, ਪਰ ਅਗਲੇ ਹਫਤੇ ਤੱਕ ਹੈਦਰਾਬਾਦ, ਮੇਡਚਲ ਤੇ ਰੰਗਾਰੈੱਡੀ ਨੂੰ ਛੱਡ ਕੇ ਬਾਕੀ 3 ਦੀ ਆਰੇਂਜ ਜ਼ੋਨ ਵਿੱਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੀ ਹੈ। ਅਤੇ ਹਾਲਾਂਕਿ ਕੇਂਦਰ ਸਰਕਾਰ ਨੇ ਰੈੱਡ ਜ਼ੋਨ 'ਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਪਰ ਅਸੀਂ ਅਜਿਹਾ ਨਹੀਂ ਕਰਾਂਗੇ।

Related Post