ਫਿਸ਼ ਕੰਪਨੀ 'ਕਰੀ ਮਾਸਟਰ' ਨੇ ਪੈਕਿੰਗ ਡੱਬੇ 'ਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਛਾਪਣ ਸਬੰਧੀ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਤੋਂ ਮੰਗੀ ਮੁਆਫੀ 

By  Joshi July 22nd 2017 04:28 PM -- Updated: July 22nd 2017 04:35 PM

curry masters golden temple issue

ਅੰਮ੍ਰਿਤਸਰ: ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸਟ੍ਰੇਲੀਆ ਦੀ ਮੀਟ (ਫਿਸ਼) ਕੰਪਨੀ 'ਕਰੀ ਮਾਸਟਰ' ਵੱਲੋਂ ਪੈਕਿੰਗ ਵਾਲੇ ਡੱਬੇ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਜਾਣ ਬੁੱਝ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਜੋ ਨਾ-ਬਰਦਾਸ਼ਤਯੋਗ ਹੈ।

ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਮੰਗਣ ਅਤੇ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਨ ਵਾਲੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਕੋਝੀਆਂ ਹਰਕਤਾਂ ਸਮਾਜ ਵਿਚ ਫੁੱਟ ਪਾਉਣ ਵਾਲੀਆਂ ਕਾਰਵਾਈਆਂ ਹਨ। ਉਨ੍ਹਾਂ ਕਿਹਾ ਕਿ ਅਸਟ੍ਰੇਲੀਆ ਦੀ ਮੀਟ ਕੰਪਨੀ 'ਕਰੀ ਮਾਸਟਰ' ਵੱਲੋਂ ਸਿੱਖ ਭਾਵਨਾਵਾਂ ਭੜਕਾਉਂਦਿਆਂ ਪੈਕਿੰਗ ਵਾਲੇ ਡੱਬੇ ਉਪਰ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਛਾਪੀ ਹੈ ਜੋ ਅਤਿਨਿੰਦਣਯੋਗ ਹੈ, ਜਿਸ ਬਾਰੇ ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਪਨੀ ਨੂੰ ਪੱਤਰ ਲਿਖ ਕੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਹਟਾਉਣ ਅਤੇ ਸਿੱਖ ਸੰਗਤ ਤੋਂ ਮੁਆਫੀ ਮੰਗਣ ਲਈ ਕਿਹਾ ਗਿਆ।

ਜਿਸ ਪੁਰ ਅਸਟ੍ਰੇਲੀਆ ਦੀ ਮੀਟ ਕੰਪਨੀ 'ਕਰੀ ਮਾਸਟਰ' ਦੇ ਮਾਲਕ ਸੁਰਿੰਦਰ ਸਿੰਘ ਨੇ ਈਮੇਲ ਰਾਹੀਂ ਭੇਜੇ ਪੱਤਰ ਵਿਚ ਲਿਖਿਆ ਕਿ ਉਨ੍ਹਾਂ ਕੋਲੋਂ ਇਹ ਤਸਵੀਰ ਗਲਤੀ ਨਾਲ ਪੈਕਿੰਗ ਵਾਲੇ ਡੱਬੇ ਉਪਰ ਛਪ ਗਈ ਸੀ, ਜਿਸਨੂੰ ਤੁਰੰਤ ਹਟਾ ਦਿੱਤਾ ਗਿਆ ਹੈ ਅਤੇ ਬਜ਼ਾਰ ਵਿਚ ਗਏ ਡੱਬਿਆਂ ਨੂੰ ਵਾਪਸ ਵੀ ਮੰਗਵਾ ਲਿਆ ਹੈ। ਸੁਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤ ਕੋਲੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਆਪਣੀ ਗਲਤੀ ਲਈ ਸ਼ੋਸ਼ਲ ਮੀਡੀਆ ਉਪਰ ਜਨਤਕ ਤੌਰ 'ਤੇ ਵੀ ਮੁਆਫੀ ਮੰਗਣਗੇ।

—PTC News

 

Related Post