ਐੱਸਬੀਆਈ ਵੱਲੋਂ ਗ੍ਰਾਹਕਾਂ ਨੂੰ ਚਿਤਾਵਨੀ

By  Panesar Harinder April 22nd 2020 07:21 PM -- Updated: April 22nd 2020 07:25 PM

ਨਵੀਂ ਦਿੱਲੀ - ਜਿਵੇਂ ਜਿਵੇਂ ਬੈਂਕ ਅਤੇ ਬੈਂਕਾਂ ਦੇ ਗ੍ਰਾਹਕ ਆਪਣੀ ਸੁਰੱਖਿਆ ਲਈ ਨਵੇਂ ਸਾਧਨ ਅਪਣਾਉਂਦੇ ਜਾਂਦੇ ਹਨ, ਤਿਵੇਂ ਤਿਵੇਂ ਹੀ ਸਾਈਬਰ ਚੋਰ ਵੀ ਠੱਗੀ ਦੇ ਨਵੇਂ ਤੋਂ ਨਵੇਂ ਤਰੀਕੇ ਆਪਣਾ ਕੇ ਸਾਹਮਣੇ ਆਉਂਦੇ ਰਹਿੰਦੇ ਹਨ। ਜੇ ਤੁਸੀਂ ਐਸਬੀਆਈ ਦਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਵਰਤਦੇ ਹੋ ਤਾਂ ਸਾਵਧਾਨ ਰਹੋ। ਐਸਬੀਆਈ ਨੇ ਇਸ ਸੰਬੰਧੀ ਚਿਤਾਵਨੀ ਦਿੰਦੇ ਹੋਏ ਗ੍ਰਾਹਕਾਂ ਨੂੰ ਚੌਕਸ ਕੀਤਾ ਹੈ। ਕਿਹਾ ਗਿਆ ਹੈ ਕਿ ਸਾਈਬਰ ਠੱਗ ਗ੍ਰਾਹਕਾਂ ਨੂੰ ਰਿਵਾਰਡ ਪੁਆਇੰਟ ਛੁਡਾਉਣ ਦੇ ਨਾਮ ਉੱਤੇ ਭਾਰੀ ਚੂਨਾ ਲਗਾ ਸਕਦੇ ਹਨ। ਐਸਬੀਆਈ ਨੇ ਆਪਣੇ ਗਾਹਕਾਂ ਨੂੰ ਚੌਕਸ ਕਰਦੇ ਹੋਏ ਐਸ.ਐਮ.ਐਸ. ਵੀ ਭੇਜੇ ਹਨ ਅਤੇ ਉਨ੍ਹਾਂ ਨੂੰ ਨੰਬਰ ਵੀ ਦੱਸੇ ਹਨ, ਜਿਨ੍ਹਾਂ ਰਾਹੀਂ ਆਉਣ ਵਾਲੀਆਂ ਕਾਲਾਂ ਕਰਕੇ ਅਜਿਹੀਆਂ ਧੋਖਾਧੜੀਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।

ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਐਸ.ਐਮ.ਐਸ. ਵਿੱਚ ਗ੍ਰਾਹਕਾਂ ਨੂੰ ਕਿਹਾ ਹੈ ਕਿ ਜੇ ਤੁਹਾਨੂੰ 1800 ਜਾਂ 1860 ਤੋਂ ਸ਼ੁਰੂ ਹੋਣ ਵਾਲੇ ਕਿਸੇ ਨੰਬਰ ਤੋਂ ਕਾਲ ਆਉਂਦੀ ਹੈ, ਤਾਂ ਆਪਣੇ ਕ੍ਰੈਡਿਟ ਕਾਰਡ ਦਾ ਕੋਈ ਵੇਰਵਾ ਸਾਂਝਾ ਨਾ ਕਰੋ।

ਇਹੀ ਨਹੀਂ, ਬੈਂਕ ਨੇ ਕੋਰੋਨਾ ਵਾਇਰਸ ਨਾਲ ਸਬੰਧਤ ਈ-ਮੇਲ ਜਾਂ ਸੋਸ਼ਲ ਮੀਡੀਆ ਪੋਸਟ ਦਾ ਜਵਾਬ ਦੇਣ ਨੂੰ ਲੈ ਕੇ ਚਿਤਾਵਨੀ ਦਿੰਦੇ ਹੋਏ ਟਵੀਟ ਕੀਤਾ ਹੈ ਕਿ ਪਹਿਲਾਂ ਇਹ ਯਕੀਨੀ ਬਣਾਓ ਕਿ ਜਾਣਕਾਰੀ ਦੇ ਸਰੋਤ ਅਤੇ ਭਰੋਸੇਯੋਗਤਾ ਦੀ ਜਾਂਚ ਜ਼ਰੂਰ ਕੀਤੀ ਜਾਵੇ। ਇਸ ਤੋਂ ਇਲਾਵਾ ਕਿਸੇ ਨਾਲ ਵੀ ਆਪਣੇ ਕੋਈ ਨਿੱਜੀ ਜਾਂ ਵਿੱਤੀ ਵੇਰਵੇ ਸਾਂਝੇ ਨਾ ਕਰੋ।

ਜ਼ਿਕਰਯੋਗ ਹੈ ਕਿ ਈ.ਐੱਮ.ਆਈ. ਰੁਕਵਾਉਣ ਦੇ ਨਾਮ ਉੱਤੇ ਵੀ ਹੁਣ ਸਾਈਬਰ ਠੱਗ ਸਰਗਰਮ ਹੋ ਗਏ ਹਨ। ਛੋਟੀ ਜਿਹੀ ਅਣਗਹਿਲੀ ਨਾਲ ਬੈਂਕ ਖਾਤੇ ਦੀ ਸਾਰੀ ਜਮ੍ਹਾਂ ਪੂੰਜੀ ਠੱਗਾਂ ਦੇ ਹੱਥ ਲੱਗ ਸਕਦੀ ਹੈ। ਅਜਿਹੇ ਠੱਗਾਂ ਤੋਂ ਬੱਚਣ ਲਈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਨੂੰ ਸੁਚੇਤ ਕੀਤਾ ਹੈ।

ਐਸਬੀਆਈ ਨੇ ਕਿਹਾ ਹੈ ਕਿ ਸਾਈਬਰ ਠੱਗੀਆਂ ਕਰਨ ਵਾਲਿਆਂ ਨੇ ਲੋਕਾਂ ਨੂੰ ਧੋਖਾ ਦੇਣ ਦੇ ਨਵੇਂ ਤਰੀਕੇ ਲੱਭੇ ਹਨ। ਸਾਈਬਰ ਅਪਰਾਧੀਆਂ ਨੂੰ ਹਰਾਉਣ ਦਾ ਇੱਕੋ-ਇੱਕ ਢੰਗ, ਚੌਕਸ ਅਤੇ ਅਤੇ ਜਾਗਰੂਕ ਹੋਣਾ ਹੀ ਹੈ।

ਫ਼ੋਨ ਕਾਲ ਰਾਹੀਂ ਹੋਣ ਵਾਲੀਆਂ ਸਾਈਬਰ ਠੱਗੀਆਂ ਅਕਸਰ ਸੁਣਨ ਵਿੱਚ ਮਿਲਦੀਆਂ ਹਨ, ਅਤੇ ਆਪਣੀਆਂ ਗੱਲਾਂ ਦੇ ਭਰਮਜਾਲ ਵਿੱਚ ਫ਼ਸਾ ਕੇ ਸਾਈਬਰ ਠੱਗ ਲੱਕ ਤੋੜ ਮਹਿੰਗਾਈ ਦੇ ਜ਼ਮਾਨੇ ਵਿੱਚ ਅਨੇਕਾਂ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਮਿੰਟਾਂ ਸਕਿੰਟਾਂ ਵਿੱਚ ਹੜੱਪ ਕਰ ਜਾਂਦੇ ਹਨ। ਜਿੱਥੇ ਅੱਜ ਗ੍ਰਾਹਕਾਂ ਨੂੰ ਵੱਧ ਸੁਚੇਤ ਹੋਣ ਦੀ ਲੋੜ ਹੈ, ਉੱਥੇ ਹੀ ਪੁਲਿਸ ਦੇ ਸਾਈਬਰ ਕ੍ਰਾਈਮ ਵਿਭਾਗ ਨੂੰ ਵੀ ਇਸ ਬਾਰੇ ਵਧੇਰੇ ਠੋਸ ਕਾਰਵਾਈਆਂ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਸਾਈਬਰ ਠੱਗੀ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਇਨਸਾਫ਼ ਵੀ ਮਿਲੇ ਤੇ ਉਨ੍ਹਾਂ ਦਾ ਪੈਸਾ ਵੀ ਵਾਪਸ ਮਿਲੇ।

Related Post