ਡੀਸੀ ਪੰਚਕੂਲਾ, ਗੌਰੀ ਪਰਾਸ਼ਰ ਜੋਸ਼ੀ, ਇੱਕ ਉਹ ਔਰਤ, ਜੋ ਹਜ਼ਾਰਾਂ ਦੀ ਹਿੰਸਕ ਭੀੜ ਸਾਹਮਣੇ ਨਹੀਂ ਝੁਕੀ

By  Joshi August 27th 2017 02:28 PM -- Updated: August 29th 2017 12:57 PM

ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ "ਬਲਾਤਕਾਰੀ ਬਾਬਾ" ਦਾ ਸਾਥ ਦੇਣ ਲਈ ਚਾਹੇ ਹਜ਼ਾਰਾਂ ਨੇ ਹਿੰਸਾ ਕੀਤੀ ਹੋਵੇ ਪਰ ਔਰਤ ਨੂੰ ਅਬਲਾ ਸਮਝ ਕੇ ਇੱਜ਼ਤ ਲੁੱਟਣ ਵਾਲੇ ਦਾ ਸਾਥ ਦੇਣ ਵਾਲਿਆਂ ਖਿਲਾਫ ਇੱਕ ਅਜਿਹੀ ਔਰਤ ਨੇ ਮੋਰਚਾ ਸੰਭਾਲਿਆ, ਜਿਸਦਾ ਇੰਤਜ਼ਾਰ ਉਸਦੇ ਘਰ ਇੱਕ 11 ਮਹੀਨੇ ਦਾ ਬੱਚਾ ਕਰ ਰਿਹਾ ਸੀ।

ਗੱਲ 25 ਅਗਸਤ ਦੀ ਹੈ, ਜਦੋਂ "ਬਾਬਾ" ਦਾ ਸਾਥ ਦੇਣ ਲਈ ਹਜ਼ਾਰਾਂ ਦੀ ਭੀੜ ਨੇ ਮੀਡੀਆਕਰਮੀਆਂ ਸਮੇਤ ਆਮ ਲੋਕਾਂ ਅਤੇ ਸਰਕਾਰੀ ਇਮਾਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਸੀ। ਹਾਲਾਤ ਬੇਕਾਬੂ ਹੁੰਦੇ ਦੇਖ, ਡੀ.ਸੀ ਪੰਚਕੂਲਾ ਨੇ ਉਸ ਸਮੇਂ ਮੋਰਚਾ ਸੰਭਾਲਿਆ ਜਦੋਂ ਪੁਲਿਸ ਵੀ "ਦੋ ਪੈਰ" ਪਿਛਾਂਹ ਕਰ ਲੈਣ ਦੇ ਹੱਕ 'ਚ ਸੀ।

ਡਰ, ਫਿਕਰ ਅਤੇ ਮੌਤ ਦੇ ਡਰ ਨੂੰ ਕਿਤੇ ਕੋਹਾਂ ਪਿੱਛੇ ਛੱਡ ਕੇ ਜੋਸ਼ੀ ਮੇਦਾਨ 'ਚ ਹੈਲਮਟ ਅਤੇ ਜੈਕਟ ਪਾ ਕੇ ਕੁੱਦ ਗਈ ਸੀ।

ਜਦੋਂ ਹਰਿਆਣਾ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੇ ਹੱਥ ਖੜ੍ਹੇ ਕਰ ਦਿੱਤੇ ਸਨ, ਉਸ ਸਮੇਂ ਹਾਲਾਤ ਬੇਕਾਬੂ ਹੁੰਦੇ ਦੇਖ ਆਪਣੇ ਦਫਤਰ ਪਹੁੰਚ ਕੇ ਆਰਮੀ ਨੂੰ ਸਥਿਤੀ ਸੰਭਾਲਣ ਦਾ ਆਰਡਰ ਦੇਣ ਵਾਲੀ ਇਹ ਔਰਤ ਹੀ ਵਜ੍ਹਾ ਹੈ ਕਿ ਪੰਚਕੂਲਾ ਪੂਰੀ ਤਰ੍ਹਾਂ ਨਾਲ ਝੁਲਸਣ ਤੋਂ ਬਚ ਗਿਆ ਸੀ। ਜੇਕਰ ਕੁਝ ਦੇਰ ਹੋ ਜਾਂਦੀ ਤਾਂ ਨੁਕਸਾਨ ਵੱਧ ਸਕਦਾ ਸੀ।

ਰਾਤ ਦੇ ਤਿੰਨ ਵਜੇ ਤੱਕ ਹਿੰਸਕ ਘਟਨਾਵਾਂ ਅਤੇ ਦੰਗਾਕਾਰੀਆਂ ਨਾਲ ਦੋ ਹੱਥ ਕਰਦੀ ਗੌਰੀ ਪਰਾਸ਼ਰ, ਰਾਤ ਨੂੰ ਤਿੰਨ ਵਜੇ ਘਰ ਪਹੁੰਚੀ ਸੀ, ਜਿੱਥੇ ਉਸ ਦੇ ਪਰਿਵਾਰ ਵਾਲੇ ਉਸਦੇ ਖੂਨ ਨਾਲ ਲੱਥਪਥ ਕੱਪੜੇ ਫਟੇ ਕੱਪੜੇ ਦੇਖ ਕੇ ਪਰੇਸ਼ਾਨ ਹੋ ਗਏ ਸਨ।

ਥੋੜ੍ਹੀ ਦੇਰ ਘਰ ਰੁਕ , ਜੋਸ਼ੀ ਨੇ ਫਿਰ ਹਾਲਾਤਾਂ ਦਾ ਜਾਇਜ਼ਾ ਲੇਣ ਲਈ ਸ਼ਹਿਰ ਵੱਲ ਨੂੰ ਕੂਚ ਕੀਤਾ ਅਤੇ ਸ਼ਹਿਰ ਦੇ ਚੱਪੇ ਚੱਪੇ 'ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਹੀ ਵਾਪਿਸ ਪਰਤੀ।

ਹਾਲਾਤ ਬਾਰੇ ਪੁੱਛਣ 'ਤੇ ਪਰਾਸ਼ਰ ਦਾ ਜਵਾਬ ਸੀ," ਮੇਰੇ ਲਈ ਸ਼ਹਿਰ 'ਚ ਹੋ ਰਹੀ ਹਿੰਸਾ ਨੂੰ ਰੋਕਣਾ ਸਭ ਤੋਂ ਜ਼ਿਆਦਾ ਜ਼ਰੂਰੀ ਸੀ, ਮੇਰੇ ਦਿਮਾਗ 'ਚ ਉਸ ਸਮੇਂ ਉਸ ਤੋਂ ਇਲਾਵਾ ਕੁਝ ਹੋਰ ਨਹੀਂ ਸੀ"

ਇੱਕ ਮਾਂ, ਪਤਨੀ, ਨੂੰਹ, ਬੇਟੀ ਹੋਣ ਤੋਂ ਪਹਿਲਾਂ, ਪੰਚਕੂਲਾ ਦੀ ਡੀਸੀ ਹੋਣ ਦਾ ਫਰਜ਼ ਬਾਖੂਬੀ ਨਿਭਾਉਣ ਵਾਲੀ ਗੌਰੀ ਪਰਾਸ਼ਰ ਜੋਸ਼ੀ ਨੇ ਤਮਾਮ ਉਹਨਾਂ ਮਰਦਾਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ, ਜਿਹਨਾਂ ਨੂੰ "ਔਰਤਾਂ" ਦੇ ਦੇਰ ਰਾਤ ਘਰ ਤੋਂ ਨਿਕਲਣ ਤੋਂ ਤਕਲੀਫ ਹੁੰਦੀ ਹੈ, ਕਿਉਂਕਿ ਜੇ ਇਹ ਔਰਤ ਦੇਰ ਰਾਤ ਘਰੋਂ ਨਾਲ ਨਿਕਲੀ ਹੁੰਦੀ ਤਾਂ ਪੰਚਕੂਲਾ ਹਿੰਸਾ ਦੀ ਅੱਗ 'ਚ ਜਲ ਕੇ ਸਵਾਹ ਹੋ ਚੁੱਕਿਆ ਹੁੰਦਾ।

—PTC News

Related Post