ਲਾਕਡਾਊਨ ਕਰਕੇ ਕਾਰੋਬਾਰ ਠੱਪ, ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਫੀਸਾਂ ਜਮਾਂ ਕਰਵਾਉਣ ਲਈ ਕੀਤਾ ਜਾ ਰਿਹੈ ਮਜਬੂਰ

By  Shanker Badra May 22nd 2020 06:55 PM

ਲਾਕਡਾਊਨ ਕਰਕੇ ਕਾਰੋਬਾਰ ਠੱਪ, ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਫੀਸਾਂ ਜਮਾਂ ਕਰਵਾਉਣ ਲਈ ਕੀਤਾ ਜਾ ਰਿਹੈ ਮਜਬੂਰ:ਚੰਡੀਗੜ੍ਹ : ਕੋਰੋਨਾ ਵਾਇਰਸ ਦੌਰਾਨ ਪੰਜਾਬ ‘ਚ ਦੋ ਮਹੀਨਿਆਂ ਤੋਂ ਲਾਕਡਾਊਨ ਚੱਲ ਰਿਹਾ ਹੈ। ਇਸ ਦੌਰਾਨ ਸਾਰੀਆਂ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਬੰਦ ਹਨ। ਲਾਕਡਾਊਨ ਕਾਰਨ ਸੂਬਾ ਸਰਕਾਰ ਨੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਹੀਆਂ ਸੰਸਥਾਵਾਂ ਨੂੰ ਟਿਊਸ਼ਨ ਫ਼ੀਸ ਲੈਣ ਦੇ ਆਦੇਸ਼ ਜਾਰੀ ਕੀਤੇ ਹਨ।

ਇਸ ਦੌਰਾਨ ਕੁੱਝ ਮਾਪਿਆਂ ਨੇ ਦੱਸਿਆ ਕਿ ਲਾਕਡਾਊਨ ਕਾਰਨ ਵਿਦਿਅਕ ਸੰਸਥਾਵਾਂ ਬੰਦ ਹਨ ਤਾਂ ਫ਼ੀਸ ਕਿਉਂ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਪਤਾ ਹੈ ਕਿ ਲੋਕਾਂ ਦਾ ਰੁਜਗਾਰ ਕਰੀਬ 2 ਮਹੀਨੇ ਤੋਂ ਠੱਪ ਹੈ ਅਤੇ ਲੋਕਾਂ ਨੂੰ ਆਰਥਿਕ ਤੰਗੀ ਵੀ ਹੈ। ਮਾਪਿਆ ਨੇ ਕਿਹਾ ਕਿ ਸਾਡੇ ਕੋਲ ਇਸ ਸਮੇਂ ਕੋਈ ਰੁਜਗਾਰ ਨਹੀਂ ਹੈ ਅਤੇ ਉਹ ਬੱਚਿਆਂ ਦੀ ਫੀਸ ਨਹੀਂ ਭਰ ਸਕਦੇ ਹਨ। ਉਨ੍ਹਾਂ ਨੇ ਸਰਕਾਰ ਅਤੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਲਾਕਡਾਊਨ ਦੌਰਾਨ ਵਿਦਿਅਕ ਸੰਸਥਾਵਾਂ ਬੰਦ ਹੋਣ ਕਾਰਨ ਫ਼ੀਸਾਂ ਮੁਆਫ਼ ਕੀਤੀਆਂ ਜਾਣ।

ਜਿਸ ਤਹਿਤ ਅੱਜ ਕਟਾਰੀਆਂ ਵਿਖੇ ਮਾਪਿਆਂ ਵੱਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਅਤੇ ਸਕੂਲ ਮੈਨੇਜਮੈਂਟ ਫ਼ੀਸ ਨਾ ਦੇਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਮਾਪਿਆਂ ਨੇ ਕਿਹਾ ਕਿ ਲਾਕਡਾਊਨ ਕਾਰਨ ਸੰਸਥਾਵਾਂ ਬੰਦ ਰਹੀਆਂ ਹਨ ਤਾਂ ਫ਼ੀਸਾਂ ਕਿਉਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋ ਮਹੀਨੇ ਤੋਂ ਸਾਰੇ ਰੁਜ਼ਗਾਰ ਠੱਪ ਹਨ ਅਤੇ ਲੋਕ ਆਰਥਿਕ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ ਰਹੇ ਤਾਂ ਫ਼ੀਸਾਂ ਕਿਉਂ ਲਈਆਂ ਜਾ ਰਹੀਆਂ ਹਨ।

ਇਸ ਦੇ ਇਲਾਵਾ ਪਟਿਆਲਾ ਦੇ ਵਿੱਚ ਵੀ ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ 'ਤੇ ਕਿਤਾਬਾਂ ਮਹਿੰਗੇ ਭਾਅ ਖ੍ਰੀਦਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸ਼ਹਿਰ ਦੇ ਅਕਾਲੀ ਅਕੈਡਮੀ ਸਕੂਲ ਵਿਚ ਸਾਹਮਣੇ ਆਇਆ ਹੈ , ਜਿਥੇ ਕਿਤਾਬਾਂ ਦੇ ਛਪੇ ਰੇਟ ਤੋਂ ਵੱਧ ਮੁੱਲ 'ਤੇ ਮਾਪਿਆਂ ਨੂੰ ਕਿਤਾਬਾਂ ਵੇਚੀਆਂ ਜਾ ਰਹੀਆਂ ਹਨ।ਮਾਪਿਆਂ ਵਲੋਂ ਇਸਦਾ ਵਿਰੋਧ ਵੀ ਕੀਤਾ ਗਿਆ ਪਰ ਸਕੂਲ ਪ੍ਰਬੰਧਕਾਂ ਨੇ ਕੋਈ ਤਸੱਲੀਬਖਸ਼ ਜਵਾਬ ਵੀ ਨਹੀਂ ਦਿੱਤਾ ਹੈ।

ਦੱਸ ਦੇਈਏ ਕਿ ਸਕੂਲ ਮੈਨੇਜਮੈਂਟ ਹਰ ਸਾਲ ਵਿਦਿਆਰਥੀਆਂ ਦੇ ਮਾਪਿਆਂ ਤੋਂ ਬਿਲਡਿੰਗ ਫੰਡ ਦੇ ਨਾਮ 'ਤੇ ਕਰੋੜਾਂ ਰੁਪਏ ਵਸੂਲ ਕਰਦੇ ਹਨ ਜਦੋਂ ਕਿ ਬਿਲਡਿੰਗ ਇੱਕ ਵਾਰ ਹੀ ਤਿਆਰ ਕੀਤੀ ਜਾਂਦੀ ਹੈ ਅਤੇ ਹਰ ਸਾਲ ਬਿਲਡਿੰਗ ਫੰਡ ਦੇ ਨਾਮ 'ਤੇ ਲੁੱਟਿਆ ਜਾ ਰਿਹਾ ਹੈ। ਜਦੋਂ ਕਿ ਸਕੂਲ ਫੀਸ ਵੱਖ ਤੋਂ ਲਈ ਜਾਂਦੀ ਹੈ। ਹੁਣ ਜਦੋਂ ਕਿ ਕਰਫਿਊ ਦੌਰਾਨ ਸਭ ਸਕੂਲ ਬੰਦ ਹਨ ਤਾਂ ਆਨਲਾਈਨ ਪੜ੍ਹਾਈ ਦੇ ਨਾਮ 'ਤੇ ਕੁਝ ਸਕੂਲ ਪ੍ਰਬੰਧਕਾਂ ਵੱਲੋਂ  ਵਿਦਿਆਰਥੀਆਂ ਦੇ ਮਾਪਿਆਂ ਨੂੰ ਫੀਸਾਂ ਜਮਾਂ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

-PTCNews

Related Post