ਦੀਵਾਲੀ ਤੋਂ ਬਾਅਦ ਦਿੱਲੀ 'ਚ ਵਧਿਆ ਪ੍ਰਦੂਸ਼ਣ ਦਾ ਕਹਿਰ ,ਸਾਹ ਲੈਣ 'ਚ ਹੋਈ ਮੁਸ਼ਕਿਲ

By  Shanker Badra November 8th 2018 11:45 AM

ਦੀਵਾਲੀ ਤੋਂ ਬਾਅਦ ਦਿੱਲੀ 'ਚ ਵਧਿਆ ਪ੍ਰਦੂਸ਼ਣ ਦਾ ਕਹਿਰ ,ਸਾਹ ਲੈਣ 'ਚ ਹੋਈ ਮੁਸ਼ਕਿਲ:ਨਵੀਂ ਦਿੱਲੀ : ਦੀਵਾਲੀ ਮੌਕੇ ਪਟਾਕੇ ਚਲਾਉਣ ਲਈ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਸਮੇਂ ਦੇ ਹੁਕਮ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।ਜਿਸ ਕਰਕੇ ਦਿੱਲੀ 'ਚ ਦੀਵਾਲੀ ਦੀ ਰਾਤ ਤੋਂ ਬਾਅਦ ਹਵਾ 'ਚ ਬੇਹੱਦ ਪ੍ਰਦੂਸ਼ਣ ਫੈਲ ਗਿਆ ਹੈ।ਜਿਸ ਦੇ ਚਲਦਿਆਂ ਅੱਜ ਸਵੇਰ ਦਿੱਲੀ 'ਚ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਹੈ। ਸੁਪਰੀਮ ਕੋਰਟ ਨੇ ਪਟਾਕੇ ਚਲਾਉਣ ਲਈ ਸ਼ਾਮ ਦੇ ਅੱਠ ਤੋਂ ਰਾਤ ਦੇ 10 ਵਜੇ ਤੱਕ ਦੋ ਘੰਟੇ ਦਾ ਸਮਾਂ ਤੈਅ ਕੀਤਾ ਸੀ ਪਰ ਇਸ ਦੇ ਬਾਵਜੂਦ ਦਿੱਲੀ-ਐਨਸੀਆਰ ਵਿੱਚ ਲੋਕਾਂ ਨੇ ਅੱਠ ਵਜੇ ਤੋਂ ਪਹਿਲਾਂ ਪਟਾਕੇ ਵਜਾਉਣੇ ਸ਼ੁਰੂ ਕਰ ਦਿੱਤੇ ਜੋ ਰਾਤ ਦੇ 10 ਵਜੇ ਤੋਂ ਬਾਅਦ ਤੱਕ ਵੀ ਜਾਰੀ ਰਹੇ।ਇਸ ਦਾ ਨਤੀਜਾ ਇਹ ਹੋਇਆ ਕਿ ਦਿੱਲੀ ਵਿੱਚ ਦੀਵਾਲੀ ਦੀ ਅਗਲੀ ਸਵੇਰੇ ਹਨੇਰਾ ਛਾਇਆ ਰਿਹਾ ਅਤੇ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੋ ਗਿਆ। ਦਿੱਲੀ ਦੇ ਕਈ ਥਾਵਾਂ 'ਤੇ ਇਹ ਅੰਕੜਾ 999 ਤੱਕ ਵੀ ਵੇਖਿਆ ਗਿਆ ਜੋ ਖ਼ਤਰਨਾਕ ਤੋਂ ਵੀ ਵੱਧ ਹੈ।ਦਿੱਲੀ ਦੇ ਬਾਕੀ ਇਲਾਕਿਆਂ ਦਾ ਵੀ ਅਜਿਹਾ ਹੀ ਹਾਲ ਹੈ।ਦਿੱਲੀ ਵਿੱਚ ਬੁੱਧਵਾਰ ਦੀ ਰਾਤ 10 ਵਜੇ ਹਵਾ ਗੁਣਵੱਤਾ ਇੰਡੈਕਸ 296 ਦਰਜ ਕੀਤਾ ਗਿਆ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸ਼ਾਮ ਸੱਤ ਵਜੇ ਇਹ ਇੰਡੈਕਸ 281 ਸੀ ਜੋ ਰਾਤ ਅੱਠ ਵਜੇ ਵੱਧ ਕੇ 291 ਅਤੇ 9 ਵਜੇ 294 ਹੋ ਗਿਆ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨਾਂ 'ਚ ਪੰਜਾਬ ਨੂੰ ਦਿੱਲੀ 'ਚ ਧੂੰਏ ਦਾ ਜ਼ਿੰਮੇਵਾਰ ਠਹਿਰਾਇਆ ਸੀ ਪਰ ਹਾਲ ਦੇ ਅੰਕੜੇ ਸਾਫ਼ ਦਰਸਾ ਰਹੇ ਹਨ ਕਿ ਦਿੱਲੀ ਵਿਚਲੇ ਵਾਹਨ ਅਤੇ ਦੀਵਾਲੀ ਦੀ ਰਾਤ ਚੱਲੇ ਪਟਾਕੇ ਹੀ ਹਵਾ ਪੌਣ ਨੂੰ ਪ੍ਰਦੂਸ਼ਿਤ ਬਣਾਉਣ ਲਈ ਜ਼ਿੰਮੇਦਾਰ ਹਨ। -PTCNews

Related Post