ਇਟਲੀ 'ਚ ਭਿਆਨਕ ਸੜਕ ਹਾਦਸਾ, 2 ਪੰਜਾਬੀਆਂ ਦੀ ਮੌਤ, 1 ਗੰਭੀਰ ਜ਼ਖ਼ਮੀ
Italy Road Accident: ਮਾਨਤੋਵਾ-ਇਟਲੀ ਵਿੱਚ ਹੋ ਰਹੇ ਸੜਕ ਹਾਦਸਿਆਂ ਵਿੱਚ ਪੰਜਾਬੀਆਂ ਦੀਆਂ ਮੌਤਾਂ ਰੁਕਣ ਦਾ ਨਾਂ ਨਹੀ ਲੈ ਰਹੀਆਂ, ਜਿਸ ਕਾਰਨ ਮਾਹੌਲ ਗਮਗੀਨ ਹੋ ਰਿਹਾ ਹੈ। ਬੀਤੀ ਸ਼ਾਮ ਇਟਲੀ ਦੇ ਮਾਨਤੋਵਾ ਦੇ ਮੋਟਰਵੈਅ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 2 ਪੰਜਾਬੀਆਂ ਦੀ ਮੌਤ ਹੋਣ ਅਤੇ 3 ਹੋਰਨਾਂ ਦੇ ਜ਼ਖ਼ਮੀ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਵੈਨ (ਫਰਗੋਨਾ) ਜਿਸ ਵਿੱਚ 9 ਭਾਰਤੀ ਸਵਾਰ ਸਨ, ਜੋ ਕਿ ਕੰਮ ਤੋਂ ਵਾਪਿਸ ਪਰਤ ਰਹੇ ਸਨ। ਇਨ੍ਹਾਂ ਦੀ ਵੈਨ ਦੀ ਇੱਕ ਹੋਰ ਵਾਹਨ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 9 ਸੀਟਾਂ ਵਾਲੀ ਵੈਨ ਪਲਟ ਗਈ। ਜਿਸ ਵਿੱਚ ਸਵਾਰ 2 ਪੰਜਾਬੀਆ ਦੀ ਮੌਤ ਹੋ ਗਈ, ਜਿੰਨਾ ਦੀ ਉਮਰ 64 ਤੇ 32 ਸਾਲ ਸੀ, ਜਦਕਿ ਬਾਕੀ ਜ਼ਖ਼ਮੀਆਂ ਵਿੱਚੋਂ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦਿਆ ਹੀ ਇਟਲੀ ਦੇ ਸਿਹਤ ਵਿਭਾਗ ਦੇ ਦਸਤੇ ਅਤੇ ਹੋਰ ਸੁਰੱਖਿਆ ਟੀਮਾਂ ਘਟਨਾ ਸਥਾਨ 'ਤੇ ਤੁਰੰਤ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ। ਘਟਨਾ ਦੀ ਖ਼ਬਰ ਅੱਗ ਵਾਂਗ ਇਟਲੀ ਦੇ ਭਾਰਤੀ ਭਾਈਚਾਰੇ ਵਿੱਚ ਫੈਲੀ, ਜਿਨ੍ਹਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਮਰਨ ਵਾਲਿਆਂ ਦੀ ਪਹਿਚਾਣ ਪਾਖਰ ਸਿੰਘ (64) ਤੇ ਸੁਖਦੀਪ ਸਿੰਘ (32) ਵਜੋਂ ਹੋਈ ਹੈ।
ਇਟਲੀ ਤੋਂ ਸਾਡੇ ਸਹਿਯੋਗੀ ਦਲਵੀਰ ਕੈਂਥ ਦੀ ਵਿਸ਼ੇਸ਼ ਰਿਪੋਰਟ।
- PTC NEWS