2 ਮਹੀਨਿਆਂ ਬਾਅਦ ਸ਼ੁਰੂ ਹੋਈ ਹਵਾਈ ਯਾਤਰਾ , ਪਹਿਲੇ ਹੀ ਦਿਨ 82 ਉਡਾਣਾਂ ਰੱਦ, ਯਾਤਰੀ ਪ੍ਰੇਸ਼ਾਨ

By  Shanker Badra May 25th 2020 05:05 PM

2 ਮਹੀਨਿਆਂ ਬਾਅਦ ਸ਼ੁਰੂ ਹੋਈ ਹਵਾਈ ਯਾਤਰਾ , ਪਹਿਲੇ ਹੀ ਦਿਨ 82 ਉਡਾਣਾਂ ਰੱਦ, ਯਾਤਰੀ ਪ੍ਰੇਸ਼ਾਨ:ਨਵੀਂ ਦਿੱਲੀ : ਕੋਰੋਨਾ ਤਾਲਾਬੰਦੀ ਕਾਰਨ ਦੇਸ਼ ਭਰ ਵਿੱਚ ਬੰਦ ਘਰੇਲੂ ਉਡਾਣਾਂਨੂੰ ਅੱਜ ਦੋ ਮਹੀਨਿਆਂ ਬਾਅਦ ਮੁੜ ਚਾਲੂ ਕੀਤਾ ਗਿਆ ਹੈ। ਦਿੱਲੀ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ ਤੋਂ ਜਹਾਜ਼ਾਂ ਦੇ ਉਡਾਣ ਭਰਨ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਹਾਲਾਂਕਿ, ਕਈ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਦੌਰਾਨ ਪਹਿਲੇ ਹੀ ਦਿਨ ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਅੱਜ ਰਵਾਨਾ ਹੋਣ ਵਾਲੀਆਂ ਕੁੱਲ 332 ਫਲਾਈਟਾਂ 'ਚੋਂ 80 ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਯਾਤਰੀਆਂ 'ਚ ਗੁੱਸਾ ਹੈ। ਉਨ੍ਹਾਂ ਸ਼ਿਕਾਇਤ ਕੀਤੀ ਹੈ ਕਿ ਬਿਨਾਂ ਕਿਸੇ ਤਰ੍ਹਾਂ ਦੀ ਸੂਚਨਾ ਦੇ ਏਅਰਲਾਈਨਜ਼ ਨੇ ਫਲਾਈਟਾਂ ਰੱਦ ਕਰ ਦਿੱਤੀਆਂ ਹਨ।

ਦੱਸ ਦੇਈਏ ਕਿ ਅੱਜ ਸਵੇਰੇ 4.45 ਵਜੇ ਇੱਥੋਂ ਮਹਾਰਾਸ਼ਟਰ ਦੇ ਪੁਣੇ ਲਈ ਪਹਿਲੀ ਉਡਾਣ ਰਵਾਨਾ ਹੋਈ ਹੈ। ਸੋਮਵਾਰ ਸਵੇਰੇ 7.45 ਵਜੇ ਗੁਜਰਾਤ ਦੇ ਅਹਿਮਦਾਬਾਦ ਏਅਰਪੋਰਟ 'ਤੇ ਦੇਸ਼ ਦੀ ਪਹਿਲੀ ਘਰੇਲੂ ਉਡਾਣ ਪਹੁੰਚੀ ਹੈ। ਦੱਸ ਦੇਈਏ ਕਿ ਸਵੇਰੇ 10 ਵਜੇ ਤਕ ਅਹਿਮਦਾਬਾਦ, ਬੈਂਗਲੁਰੂ, ਚੇਨਈ ਤੇ ਮੁੰਬਈ ਤੋਂ ਉਡਾਣ ਭਰਨ ਵਾਲੇ ਸੱਤ ਜਹਾਜ਼ਾਂ ਦੀ ਲੈਂਡਿੰਗ ਆਈਜੀਆਈ ਏਅਰਪੋਰਟ 'ਤੇ ਹੋਈ ਹੈ।

ਜ਼ਿਕਰਯੋਗ ਹੈ ਕਿ ਹਵਾਈ ਸਫ਼ਰ ਕਰਨ ਵਾਲੇ ਮੁਸਾਫਰਾਂ ਲਈ ਕੁਝ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਅਨੁਸਾਰ ਮੂੰਹ 'ਤੇ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਆਪਣੇ ਆਪ ਨੂੰ ਸੈਨੀਟਾਈਜ਼ ਕਰਨਾ ਅਤੇ ਏਅਰਪੋਰਟ 'ਤੇ ਐਂਟਰੀ ਤੋਂ ਪਹਿਲਾਂ ਥਰਮਲ ਸਕ੍ਰੀਨਿੰਗ ਕਰਵਾਉਣੀ ਜ਼ਰੂਰੀ ਹੋਵੇਗੀ। ਮੁਸਾਫਰਾਂ ਦੇ ਫੋਨ 'ਤੇ ਆਰੋਗਿਆ ਸੇਤੂ ਐਪ ਡਾਊਨਲੋਡ ਹੋਣਾ ਚਾਹੀਦਾ ਹੈ ਉਸ ਦਾ ਸਟੇਟਸ ਦੇਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਐਂਟਰੀ ਕਰਨ ਦਿੱਤੀ ਜਾਵੇਗੀ।

-PTCNews

Related Post