ਡਾ.ਦਲਜੀਤ ਚੀਮਾ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ

By  Pardeep Singh April 25th 2022 06:35 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੁੰ ਦਿੱਲੀ ਸੱਦ ਕੇ ਉਹਨਾਂ ਨੂੰ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ ਮਾਡਲ ਦੀ ਜਾਣਕਾਰੀ ਦਿੱਤੀ ਹੈ।

DALJITCHEEMA-2

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਲੀ ਪਹੁੰਚਣ ਤੋਂ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਮਝ ਆਇਆ ਕਿ ਦਿੱਲੀ ਸਰਕਾਰ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ ਮਾਡਲ ਨੂੰ ਲਾਗੂ ਕਰ ਰਹੀ ਹੈ ਤੇ ਅਜਿਹਾ ਕਰਦਿਆਂ ਮਾਡਲ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਕੁਝ ਸਮਾਂ ਪਹਿਲਾਂ ਸ੍ਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਸੀ ਕਿ ਉਹ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਥਾਪਿਤ ਕੀਤੇ ਮੈਰੀਟੋਰੀਅਸ ਤੇ ਆਦਰਸ਼ ਸਕੂਲਾਂ ਦਾ ਦੌਰਾ ਕਰਨ ਤਾਂ ਜੋ ਉਹਨਾਂ ਨੂੰ ਇਹ ਸਮਝ ਆ ਸਕੇ ਕਿ ਪਿਛਲੇ ਪੰਜ ਸਾਲਾਂ ਦੇ ਕਾਂਗਰਸ ਦੇ ਰਾਜਕਾਲ ਦੌਰਾਨ ਇਹਨਾਂ ਸਕੂਲਾਂ ਨੁੰ ਅਣੌਗਲਿਆ ਕਰਨ ਨਾਲ ਹੋਏ ਨੁਕਸਾਨ ਨੁੰ ਦਰੁੱਸਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਿਹਨਾਂ ਪੰਜਾਬ ਨੂੰ ਸਕੂਲ ਸਿੱਖਿਆ ਵਿਚ ਕੌਮੀ ਪੱਧਰ ’ਤੇ ਸਰਵੇਖਣ ਵਿਚ ਦੂਜੇ ਨੰਬਰ ’ਤੇ ਪਹੁੰਚਾਇਆ, ਵੱਲੋਂ ਸਥਾਪਿਤ ਕੀਤੇ ਪਲੈਟਫੋਰਮ ਦੀ ਉਸਾਰੀ ਕਰਨ ਦੇ, ਭਗਵੰਤ ਮਾਨ ਅੱਖਾਂ ਮੀਚ ਕੇ ਹੋਰ ਮਾਡਲਾਂ ਦੇ ਮਗਰ ਲੱਗ ਰਹੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਸ੍ਰੀ ਭਗਵੰਤ ਮਾਨ ਨੂੰ ਉਹਨਾਂ ਦੀ ਆਪਣੀ ਪਾਰਟੀ ਦੀ ਸਰਕਾਰ ਨੇ ਦੱਸਿਆ ਹੈ ਕਿ ਸਕੂਲ ਸਿੱਖਿਆ ਵਿਚ ਪੰਜਾਬ ਦਾ ਮਾਡਲ ਬੈਸਟ ਹੈ ਤੇ ਇਹੀ ਦਿੱਲੀ ਵਿਚ ਅਪਣਾਇਆ ਗਿਆ ਹੈ। ਹੁਣ ਸ੍ਰੀ ਮਾਨ ਨੁੰ ਤੁਰੰਤ ਪੰਜਾਬ ਪਰਤਣਾ ਚਾਹੀਦਾ ਹੈ ਤੇ ਆਪ ਮੈਰੀਟੋਰੀਅਸ ਤੇ ਆਦਰਸ਼ ਸਕੂਲਾਂ ਦਾ ਦੌਰਾ ਕਰ ਕੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਤੇ ਉਹਨਾਂ ਨੁੰ ਦਰਪੇਸ਼ ਮੁਸ਼ਕਿਲਾਂ ਹੱਲ ਕਰਨੀਆਂ ਚਾਹੀਦੀਆਂ ਹਨ ਜਿਹਨਾਂ ਵਿਚ ਫੰਡ ਰਿਲੀਜ਼ ਨਾ ਕਰਨ ਤੇ ਲੋੜੀਂਦਾ ਸਟਾਫ ਨਾ ਹੋਣ ਦੀ ਮੁਸ਼ਕਿਲ ਵੀ ਸ਼ਾਮਲ ਹੈ।

ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਅਫਸਰਾਂ ਨੂੰ ਮੈਰੀਟੋਰੀਅਸ ਤੇ ਆਦਰਸ਼ ਸਕੂਲਾਂ ਵਿਚ ਲੈ ਕੇ ਜਾਣ ਤਾਂ ਉਹਨਾਂ ਦੀ ਸਥਾਪਨਾ ਪਿੱਛੇ ਫਲਸਫਾ ਸਮਝਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਤੋਂ ਮਾਨ ਨੂੰ ਇਹ ਸਮਝ ਆ ਜਾਵੇਗਾ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮਿਆਰੀ ਸਿੱਖਿਆ ਲਈ ਕੀਤੀ ਗਈ ਪਹਿਲਕਦਮੀ ਹੁਣ ਹੋਰ ਰਾਜਾਂ ਵਿਚ ਪਸਰ ਗਈ ਹੈ। ਉਹਨਾਂ ਕਿਹਾ ਕਿ ਨਾਲ ਹੀ ਇਸ ਵਿਚਾਰਧਾਰਾ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ ਜਿਸ ਤਹਿਤ ਸੂਬੇ ਵਿਚ 10 ਕਾਵਾਂ ’ਤੇ ਵਿਦਿਆਰਥੀਆਂ ਨੁੰ ਮੁਫਤ ਸਿੱਖਿਆ ਤੇ ਮੁਫਤ ਹੋਸਟਲ ਸਹੂਲਤ ਪ੍ਰਦਾਨ ਕੀਤੀ ਗਈ। ਉਹਨਾਂ ਕਿਹਾ ਕਿ ਆਦਰਸ਼ ਸਕੂਲ ਦੇ ਵਿਚਾਰ ਵਿਚ ਉਦਯੋਗ ਨੁੰ ਸ਼ਾਮਲ ਕਰ ਕੇ ਉਹਨਾਂ ਨੂੰ ਮਿਆਰੀ ਮੁਫਤ ਸਿੱਖਿਆ ਦੇ ਸਕੂਲ ਖੋਲ੍ਹਣ ਤੇ ਦਿਹਾਤੀ ਇਲਾਕਿਆਂ ਤੋਂ ਹੁਸ਼ਿਆਰ ਵਿਦਿਆਰਥੀਆਂ ਨੁੰ ਅੱਗੇ ਲਿਆਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ। ਉਹਨਾਂ ਕਿਹਾ ਕਿ ਦੋਵਾਂ ਪਹਿਲਕਦਮੀਆਂ ਦਾ ਮਕਸਦ ਦਿਹਾਤੀ ਖੇਤਰਾਂ ਦੇ ਅਣਗੌਲੇ ਵਰਗ ਦੇ ਵਿਦਿਆਰਥੀਆਂ ਨੂੰ ਭਾਰਤ ਤੇ ਵਿਸ਼ਵ ਵਿਚ ਸਰਵੋਤਮ ਵਿਦਿਆਰਥੀਆਂ ਦਾ ਮੁਕਾਬਲਾ ਕਰਨ ਦੇ ਸਮਰਥ ਬਣਾਉਣਾ ਸੀ।

ਇਹ ਵੀ ਪੜ੍ਹੋ:ਖਾਦਾਂ 'ਚ ਹੋਏ ਵਾਧੇ ਨੂੰ ਕੇਂਦਰ ਸਰਕਾਰ ਵਾਪਸ ਲਵੇ: ਅਕਾਲੀ ਦਲ

-PTC News

Related Post