ਮੇਰੇ ਧੀਆਂ-ਪੁੱਤ ਸੜਕਾਂ 'ਤੇ ਬੈਠੇ ਹੋਣ, ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦਾ- ਪਰਗਟ ਸਿੰਘ

By  Riya Bawa November 5th 2021 08:53 AM

ਜਲੰਧਰ: ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦੀਵਾਲੀ ਦੀ ਰਾਤ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਜਲੰਧਰ ਸਥਿਤ ਆਪਣੀ ਰਿਹਾਇਸ਼ ਕੋਲ ਧਰਨੇ ਉਤੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਨੂੰ ਖ਼ੁਦ ਮਿਲਣ ਗਏ। ਸਿੱਖਿਆ ਮੰਤਰੀ ਨੇ ਕਿਹਾ, “ਤੁਸੀ ਵੀ ਮੇਰੇ ਧੀਆਂ-ਪੁੱਤਾਂ ਵਾਂਗ ਹੋ, ਤਿਉਹਾਰ ਦੇ ਦਿਨ ਤੁਸੀ ਬਾਹਰ ਬੈਠੇ ਹੋ ਤਾਂ ਮੈਂ ਕਿਵੇਂ ਦੀਵਾਲੀ ਦੀਆਂ ਖੁਸ਼ੀਆਂ ਮਨਾ ਸਕਦਾ ਹਾਂ।”

ਪਰਗਟ ਸਿੰਘ ਨੇ ਨੌਜਵਾਨਾਂ ਨੂੰ ਮਠਿਆਈਆਂ ਵੀ ਵੰਡੀਆਂ। ਉਨ੍ਹਾਂ ਸੱਦਾ ਦਿੱਤਾ ਕਿ ਮਸਲੇ ਦਾ ਹੱਲ ਸੜਕ ਉਤੇ ਨਹੀਂ, ਗੱਲਬਾਤ ਨਾਲ ਹੀ ਹੋ ਸਕਦਾ ਹੈ ਅਤੇ ਉਹ ਉਨ੍ਹਾਂ ਦੀ ਹਰ ਗੱਲ ਸੁਣ ਕੇ ਇਸ ਨੂੰ ਸਕਰਾਤਮਕ ਤਰੀਕੇ ਨਾਲ ਹੱਲ ਕਰਨਾ ਚਾਹੁੰਦੇ ਹਨ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਕਦੇ ਵੀ ਤਰਜੀਹੀ ਵਿਸ਼ਾ ਨਹੀਂ ਰਿਹਾ ਅਤੇ ਪਿਛਲੇ ਲੰਬੇ ਸਮੇਂ ਦੀਆਂ ਮਾੜੀਆਂ ਨੀਤੀਆਂ ਕਾਰਨ ਅਜੋਕੀ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਚੀਨ-ਜਪਾਨ ਜਿਹੇ ਵਿਕਸਤ ਮੁਲਕਾਂ ਦੀ ਉਦਾਹਰਨ ਦਿੰਦਿਆਂ ਮਨੁੱਖੀ ਸਰੋਤਾਂ ਦੀ ਸੁਚੱਜੀ ਵਰਤੋਂ ਦੀ ਵਕਾਲਤ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੀ ਪਹੁੰਚ ਵਿੱਚ ਹੋਇਆ ਅਤੇ ਵੱਧ ਤੋਂ ਵੱਧ ਸੰਭਵ ਹੋਇਆ, ਉਹ ਸੰਘਰਸ਼ ਕਰ ਰਹੇ ਅਧਿਆਪਕਾਂ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਕਰਨਗੇ ਕਿਉਂਕਿ ਉਨ੍ਹਾਂ ਖ਼ੁਦ ਸਿੱਖਿਆ ਵਿਭਾਗ ਮੰਗ ਕੇ ਲਿਆ। ਸਿੱਖਿਆ ਮੰਤਰੀ ਨੇ ਕਿਹਾ ਨੌਜਵਾਨ ਹਮੇਸ਼ਾ ਹੀ ਉਨ੍ਹਾਂ ਦੇ ਦਿਲ ਦੇ ਸਭ ਤੋਂ ਨੇੜੇ ਰਹੇ ਹਨ।

-PTC News

Related Post