ਸ਼ਾਹਕੋਟ ਨੂੰ ਦੋਹਰੇ ਕਤਲ ਦੇ ਦੁਖਾਂਤ ਤੋਂ ਬਚਾਉਣ ਲਈ ਤੁਰੰਤ ਨੀਮ ਫੌਜੀ ਦਸਤੇ ਤਾਇਨਾਤ ਕਰੇ ਚੋਣ ਕਮਿਸ਼ਨ:ਅਕਾਲੀ ਦਲ

By  Shanker Badra May 24th 2018 07:46 PM

ਸ਼ਾਹਕੋਟ ਨੂੰ ਦੋਹਰੇ ਕਤਲ ਦੇ ਦੁਖਾਂਤ ਤੋਂ ਬਚਾਉਣ ਲਈ ਤੁਰੰਤ ਨੀਮ ਫੌਜੀ ਦਸਤੇ ਤਾਇਨਾਤ ਕਰੇ ਚੋਣ ਕਮਿਸ਼ਨ:ਅਕਾਲੀ ਦਲ:ਸੱਤਾਧਾਰੀ ਕਾਂਗਰਸ ਪਾਰਟੀ ਉੱਤੇ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਗੈਰਕਾਨੂੰਨੀ ਸ਼ਰਾਬ ਵੰਡ ਕੇ ਸੂਬੇ ਅੰਦਰ ਲੋਕਤੰਤਰ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਦੋਹਰੇ ਕਤਲ ਦਾ ਇਲਜ਼ਾਮ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਇਸ ਮਾਮਲੇ ਵਿਚ ਸਿੱਧੀ ਦਖ਼ਲ ਅੰਦਾਜ਼ੀ ਕਰਕੇ ਭਾਰਤ ਦੇ 'ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਕਹਿਲਾਉਣ' ਦੇ ਦਾਅਵੇ ਨੂੰ ਝੂਠਾ ਪੈਣ ਅਤੇ ਦੇਸ਼ ਨੂੰ ਕੌਮਾਂਤਰੀ ਭਾਈਚਾਰੇ ਅੱਗੇ ਮਜ਼ਾਕ ਦਾ ਪਾਤਰ ਬਣਨ ਤੋਂ ਬਚਾਉਣ।

ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਨਾ ਸਿਰਫ ਗੈਰ ਮਾਅਰਕਾ ਸ਼ਰਾਬ ਵੰਡੇ ਜਾਣ ਨੂੰ ਰੋਕਣ ਲਈ ਕਦਮ ਚੁੱਕਣ,ਜਿਸ ਨਾਲ ਕੋਈ ਵੱਡਾ ਦੁਖਾਂਤ ਵਾਪਰ ਸਕਦਾ ਹੈ,ਸਗੋਂ ਇਸ ਗੱਲ ਦੀ ਸਮਾਂ-ਬੱਧ ਜਾਂਚ ਕਰਵਾਉਣ ਕਿ ਕੀ ਇਸ ਸ਼ਰਾਬ ਅਤੇ ਹਾਲ ਹੀ ਵਿਚ ਖਤਰਨਾਕ ਰਸਾਇਣਾਂ ਨੂੰ ਦਰਿਆ ਵਿਚ ਛੱਡ ਕੇ ਭਾਰੀ ਤਬਾਹੀ ਮਚਾਉਣ ਵਾਲੀ ਸੱਤਾਧਾਰੀ ਪਾਰਟੀ ਦੇ ਰਸੂਖਵਾਨਾਂ ਇੱਕ ਸ਼ੂਗਰ ਮਿਲ ਕਮ ਡਿਸਟਿੱਲਰੀ ਵਿਚਕਾਰ ਕੋਈ ਸੰਬੰਧ ਹੈ ਜਾਂ ਨਹੀਂ?

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਉਹਨਾਂ ਦਾ ਧਿਆਨ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਜਾ ਰਹੀ ਚੋਣ ਉਲੰਘਣਾਵਾਂ ਵੱਲ ਦਿਵਾਇਆ।ਉਹਨਾਂ ਮੰਗ ਕੀਤੀ ਕਿ ਚੋਣ ਕਮਿਸ਼ਨ ਤੁਰੰਤ ਸੂਬਾ ਪੁਲਿਸ ਨੂੰ ਹਟਾ ਕੇ ਉਸ ਦੀ ਥਾਂ ਨੀਮ ਫੌਜੀ ਦਸਤਿਆਂ ਨੂੰ ਤਾਇਨਾਤ ਕਰਨ ਅਤੇ ਇਲਾਕੇ ਵਿਚ ਚੋਣ ਜ਼ਾਬਤੇ ਨੂੰ ਲਾਗੂ ਕਰਵਾਉਣ ਲਈ ਅਤੇ ਸਥਿਤੀ ਉੱਤੇ ਨਜ਼ਰ ਰੱਖਣ ਲਈ ਵੱਡੀ ਗਿਣਤੀ ਵਿਚ ਚੋਣ ਕਮਿਸ਼ਨ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਜਾਣ।

ਡਾ.ਚੀਮਾ ਨੇ ਅਕਾਲੀ ਦੀ ਇਹ ਮੰਗ ਵੀ ਦੁਹਰਾਈ ਕਿ ਚੋਣ ਕਮਿਸ਼ਨ ਵੱਲੋਂ ਅਗਲੇ ਤਿੰਨ ਦਿਨਾਂ ਸਮੇਤ ਸਮੁੱਚੇ ਚੋਣ ਅਮਲ ਦੀ ਵੀਡਿਓਗ੍ਰਾਫੀ ਕਰਵਾਈ ਜਾਵੇ।ਉਹਨਾਂ ਠੋਸ ਸਬੂਤ ਪੇਸ਼ ਕਰਦਿਆਂ ਦੱਸਿਆ ਕਿ ਸਰਕਾਰੀ ਮਸ਼ੀਨਰੀ ਦੀ ਸਿਰਫ ਦੁਰਵਰਤੋਂ ਹੀ ਨਹੀਂ ਕੀਤੀ ਜਾ ਰਹੀ ਹੈ,ਸਗੋਂ ਸਰਕਾਰੀ ਅਧਿਕਾਰੀਆਂ ਤੋਂ ਸ਼ਰੇਆਮ ਸਿਆਸੀ ਚੋਣ ਏਜੰਟਾਂ ਵਜੋਂ ਕੰਮ ਲਿਆ ਜਾ ਰਿਹਾ ਹੈ।ਬਾਅਦ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਦੀਆਂ ਟੀਮਾਂ ਵੱਲੋਂ ਹਰ ਪੋਲਿੰਗ ਬੂਥ ਉੱਤੇ ਸਮੁੱਚੇ ਚੋਣ ਅਮਲ ਦੀ ਵੀਡਿਓਗ੍ਰਾਫੀ ਕੀਤੀ ਜਾਵੇ।ਬੂਥਾਂ ਅਤੇ ਕੰਪਲੈਕਸਾਂ ਨੂੰ ਵੀਡਿਓ ਟੀਮਾਂ ਦੁਆਰਾ ਕਵਰ ਕੀਤਾ ਜਾਵੇ।ਇਸ ਤੋਂ ਇਲਾਵਾ ਵੋਟਾਂ ਪਾਏ ਜਾਣ ਸਮੇਂ ਕੰਪਲੈਕਸਾਂ ਅੰਦਰ ਆਰਜ਼ੀ ਸੀਸੀਟੀਵੀ ਕੈਮਰਿਆਂ ਨੂੰ ਚਾਲੂ ਹਾਲਤ ਵਿਚ ਰੱਖਿਆ ਜਾਵੇ।ਇਹ ਕੈਮਰੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਅਤੇ 2 ਘੰਟੇ ਬਾਅਦ ਤੱਕ ਚਾਲੂ ਰਹਿਣੇ ਚਾਹੀਦੇ ਹਨ।

ਡਾ.ਚੀਮਾ ਨੇ ਸੀਈਓ ਨੂੰ ਮਿਲਣ ਤੋਂ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿ ਮੌਜੂਦਾ ਸਮੇਂ ਇਹ ਪ੍ਰਭਾਵ ਹੈ ਕਿ ਚੋਣ ਕਮਿਸ਼ਨ ਆਪਣੀ ਜ਼ਿੰਮੇਵਾਰੀ ਅਤੇ ਹਲਕੇ ਦੇ ਲੋਕਾਂ ਨੂੰ ਭਾਰਤ ਦੇ ਲੋਕਤੰਤਰ ਨੂੰ ਬੰਦੀ ਬਣਾਉਣ ਵਾਲੇ ਸ਼ਰਾਬ ਅਤੇ ਰੇਤ ਮਾਫੀਆ ਦੇ ਰਹਿਮੋ-ਕਰਮ ਉੱਤੇ ਛੱਡ ਚੁੱਕਿਆ ਹੈ।ਚੋਣ ਕਮਿਸ਼ਨ ਨੂੰ ਇਹ ਪ੍ਰਭਾਵ ਖਤਮ ਕਰਨ ਲਈ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ ਕਿ ਚੋਣ ਕਮਿਸ਼ਨ ਸੱਤਾਧਾਰੀ ਪਾਰਟੀ ਦੇ ਗੁੰਡਿਆਂ ਨੂੰ ਖੁੱਲੀ ਖੇਡ ਖੇਡਣ ਦੇ ਰਿਹਾ ਹੈ।

Related Post