ਜਲੰਧਰ 'ਚ ਦੁਸਹਿਰੇ 'ਤੇ 12 ਥਾਵਾਂ 'ਤੇ ਕਰਵਾਏ ਜਾਣਗੇ ਸਮਾਗਮ

By  Jasmeet Singh October 4th 2022 02:27 PM

ਜਲੰਧਰ, 4 ਅਕਤੂਬਰ: ਵਿਜਯਾਦਸ਼ਮੀ ਦਾ ਤਿਉਹਾਰ 5 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ 5 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਕਮੇਟੀਆਂ ਤੋਂ ਇਲਾਵਾ ਮੁਹੱਲਾ ਪੱਧਰ ’ਤੇ ਵੀ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਸ਼ਹਿਰ 'ਚ ਕਰੀਬ 12 ਥਾਵਾਂ 'ਤੇ ਦੁਸਹਿਰੇ ਦਾ ਤਿਉਹਾਰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਕਲੋਨੀਆਂ, ਮੁਹੱਲਿਆਂ ਅਤੇ ਗਲੀਆਂ ਵਿੱਚ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਸ਼ਹਿਰ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਤਰਫੋਂ ਸਾਈ ਦਾਸ ਸਕੂਲ ਦੀ ਗਰਾਊਂਡ ਵਿੱਚ 65 ਫੁੱਟ ਰਾਵਣ, 60 ਫੁੱਟ ਮੇਘਨਾਦ ਅਤੇ 55 ਫੁੱਟ ਕੁੰਭਕਰਨ ਦੇ ਪੁਤਲੇ ਸਾੜੇ ਜਾਣਗੇ। ਇਸੇ ਤਰ੍ਹਾਂ ਦੋ ਨੰਬਰ ਦੇ ਸਰਕਾਰੀ ਟਰੇਨਿੰਗ ਕਾਲਜ ਦੀ ਗਰਾਊਂਡ ਲਾਡੋਵਾਲੀ ਰੋਡ ਵਿੱਚ 55, 50 ਅਤੇ 45 ਫੁੱਟ ਦੇ ਪੁਤਲੇ ਫੂਕੇ ਜਾਣਗੇ।

ਸ਼੍ਰੀ ਰਾਮ ਦੁਸਹਿਰਾ ਕਮੇਟੀ ਦਾ ਕਹਿਣਾ ਹੈ ਕਿ ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਆਤਿਸ਼ਬਾਜ਼ੀ ਮੁਕਾਬਲੇ ਕਰਵਾਏ ਜਾਣਗੇ। ਇਸ ਵਿੱਚ ਲੰਕਾ ਨੂੰ ਪਟਾਕਿਆਂ ਨਾਲ ਸਜਾਇਆ ਜਾਵੇਗਾ। ਇਸੇ ਤਰ੍ਹਾਂ ਦੇਵੀ ਤਾਲਾਬ ਦੁਸਹਿਰਾ ਕਮੇਟੀ ਦਾ ਕਹਿਣਾ ਹੈ ਕਿ ਪਿਛਲੇ 100 ਸਾਲਾਂ ਤੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਨੂੰ ਸ਼ਾਨੋ-ਸ਼ੌਕਤ ਨਾਲ ਮਨਾਉਣ ਲਈ ਪੁਜਾਰੀਆਂ ਵੱਲੋਂ ਰਾਵਣ ਦਾ ਪੁਤਲਾ ਫੂਕਣ ਤੋਂ ਪਹਿਲਾਂ ਇਸ ਦੀ ਪੂਜਾ ਕੀਤੀ ਜਾਵੇਗੀ।

ਰਾਵਣ, ਕੁੰਭਕਰਨ ਅਤੇ ਮੇਘਨਾਥ ਨੂੰ ਸਾੜਨ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮ ਅਤੇ ਰਾਵਣ ਦੇ ਯੁੱਧ ਦੀ ਰਸਮ ਅਦਾ ਕੀਤੀ ਜਾਂਦੀ ਹੈ। ਦੁਸਹਿਰੇ ਤੋਂ ਪਹਿਲਾਂ ਜਲੂਸ ਕੱਢਿਆ ਜਾਵੇਗਾ। ਇਸ ਵਿੱਚ ਭਗਵਾਨ ਸ਼੍ਰੀ ਰਾਮ ਅਤੇ ਰਾਵਣ ਦੇ ਯੁੱਧ ਦੀ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਸਬੰਧੀ ਸ਼੍ਰੀ ਮਹਾਕਾਲੀ ਮੰਦਿਰ ਦੁਸਹਿਰਾ ਕਮੇਟੀ ਤੇ ਬਾਲਟਨ ਪਾਰਕ ਦੁਸਹਿਰਾ ਕਮੇਟੀ ਨੇ ਦੱਸਿਆ ਕਿ ਜਲੂਸ ਵਿੱਚ ਭਗਵਾਨ ਸ਼੍ਰੀ ਰਾਮ ਅਤੇ ਹਨੂੰਮਾਨ ਦੀ ਫੌਜ ਸਜਾਈ ਜਾਵੇਗੀ।

ਇਹ ਵੀ ਪੜ੍ਹੋ: HSGPC ਦੀ ਮਾਨਤਾ ਦਾ ਵਿਰੋਧ: SGPC ਨੇ ਕਾਲੇ ਝੰਡੇ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਸੁਰੱਖਿਆ ਦੇ ਮੱਦੇਨਜ਼ਰ ਆਦਰਸ਼ ਨਗਰ ਪਾਰਕ ਦੀ ਆਵਾਜਾਈ ਨੂੰ ਹੋਟਲ ਬਸੰਤ ਰੋਡ ਵੱਲ ਮੋੜ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਆਦਰਸ਼ ਨਗਰ ਮਾਰਕੀਟ ਵੱਲ ਆਉਣ ਵਾਲੇ ਟਰੈਫਿਕ ਨੂੰ ਚਿੱਕ-ਚਿੱਕ ਚੌਕ ਵੱਲ ਮੋੜ ਦਿੱਤਾ ਜਾਵੇਗਾ।

-PTC News

Related Post