ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੀਆਂ ਵਾਹੀਆਂ ਜਾ ਰਹੀਆਂ ਫਸਲਾਂ ਨੂੰ ਰੋਕਣ ਵਾਸਤੇ ਬਣਾਈ ਹੈਲਪਲਾਈਨ

By  Shanker Badra June 14th 2018 08:31 PM

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੀਆਂ ਵਾਹੀਆਂ ਜਾ ਰਹੀਆਂ ਫਸਲਾਂ ਨੂੰ ਰੋਕਣ ਵਾਸਤੇ ਬਣਾਈ ਹੈਲਪਲਾਈਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਹਨਾਂ ਦੁਖੀ ਕਿਸਾਨਾਂ ਦੀ ਮਦਦ ਲਈ ਇੱਕ ਹੈਲਪਲਾਈਨ ਸਥਾਪਤ ਕੀਤੀ ਹੈ,ਜਿਹਨਾਂ ਦੀਆਂ ਫਸਲਾਂ ਨੂੰ ਕਾਂਗਰਸ ਸਰਕਾਰ ਦੇ ਹੁਕਮਾਂ ਉੱਤੇ ਬਰਬਾਦ ਕੀਤਾ ਜਾ ਰਿਹਾ ਹੈ।ਪਾਰਟੀ ਨੇ ਆਪਣੀ ਸੀਨੀਅਰ ਅਤੇ ਜ਼ਿਲ੍ਹਾ ਪੱਧਰੀ ਲੀਡਰਸ਼ਿਪ ਨੂੰ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਦਾ ਰਾਜ ਭਰ ਵਿਚ ਵਿਰੋਧ ਕਰਨ ਲਈ ਆਖਿਆ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਰਟੀ ਨੇ 981539933 ਨੰਬਰ ਵਾਲੀ ਇੱਕ ਹੈਲਪਲਾਈਨ ਸਥਾਪਤ ਕੀਤੀ ਹੈ,ਜਿਹੜੀ ਅੱਜ ਸ਼ਾਮੀ ਸੱਤ ਵਜੇ ਤੋਂ ਬਾਅਦ ਚਾਲੂ ਹੋ ਜਾਵੇਗੀ ਤਾਂ ਕਿ ਰਵਾਇਤੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਝੋਨਾ ਲਾਉਣ ਵਾਲੇ ਕਿਸਾਨਾਂ ਉੱਤੇ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਇੱਕ ਠੋਸ ਯਤਨ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਸਾਡੇ ਨੋਟਿਸ ਵਿਚ ਲਿਆਂਦੀਆਂ ਜਾਣ ਵਾਲੀਆਂ ਸਾਰੀਆਂ ਥਾਂਵਾਂ ਉਤੇ ਸਾਡੀ ਸੀਨੀਅਰ ਅਤੇ ਜ਼ਿਲ•ਾ ਲੀਡਰਸ਼ਿਪ ਤੁਰੰਤ ਪਹੁੰਚੇਗੀ ਅਤੇ ਅਸੀਂ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਮਨਾਹੀ ਕਰਨ ਵਾਲੇ ਕਿਸੇ ਨਾਦਰਸ਼ਾਹੀ ਹੁਕਮ ਦੇ ਨਾਂ ਥੱਲੇ ਕਿਸੇ ਵੀ ਕਿਸਾਨ ਦੇ ਝੋਨੇ ਦੇ ਖੇਤ ਨੂੰ ਵਾਹੁਣ ਨਹੀ ਦਿਆਂਗੇ।

ਸ.ਮਜੀਠੀਆ ਨੇ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਇੱਕ ਚੁਣੀ ਹੋਈ ਸਰਕਾਰ ਇਕਤਰਫਾ ਹੁਕਮ ਪਾਸ ਕਰਕੇ ਕਿਸਾਨਾਂ ਨੂੰ ਕੁਚਲ ਰਹੀ ਹੈ ਅਤੇ ਉਹਨਾਂ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ ਕਿ ਕਿਸਾਨ 10 ਜੂਨ ਦੇ ਰਵਾਇਤੀ ਦਿਸ਼ਾ ਨਿਰਦੇਸ਼ ਮੁਤਾਬਿਕ ਕਿਉਂ ਝੋਨਾ ਬੀਜਣਾ ਚਾਹੁੰਦੇ ਹਨ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਉਸ ਅੰਨਦਾਤੇ ਉੱਤੇ ਵਿਸ਼ਵਾਸ਼ ਨਹੀਂ ਹੈ ਜੋ ਅਨਾਜ ਪੈਦਾ ਕਰਨ ਲਈ ਸਖ਼ਤ ਧੁੱਪਾਂ ਕੰਮ ਕਰਕੇ ਪੂਰੇ ਦੇਸ਼ ਦਾ ਢਿੱਡ ਭਰ ਰਿਹਾ ਹੈ ਕਿ ਉਸ ਕੋਲ 10 ਜੂਨ ਤੋਂ ਝੋਨਾ ਲਾਉਣ ਦੇ ਠੋਸ ਕਾਰਣ ਹਨ।ਇਸ ਸਰਕਾਰ ਦੇ ਮੰਤਰੀ ਏਸੀ ਵਾਲੇ ਕਮਰਿਆਂ ਬੈਠ ਕੇ ਨਾਦਰਸ਼ਾਹੀ ਹੁਕਮ ਜਾਰੀ ਕਰ ਰਹੇ ਹਨ।ਉਹਨਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਭਾਵਨਾਵਾਂ ਦੀ ਕਦਰ ਕਰਦਾ ਹੈ ਅਤੇ ਉਹਨਾਂ ਦੀ ਤਕਲੀਫ ਨੂੰ ਸਮਝਦਾ ਹੈ।ਅਕਾਲੀ ਦਲ ਕਿਸਾਨਾਂ ਨੂੰ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੇ ਅੱਤਿਆਚਾਰਾਂ ਤੋਂ ਬਚਾਏਗਾ।

ਇਹ ਟਿੱਪਣੀ ਕਰਦਿਆ ਕਿ ਕਿਸਾਨਾਂ ਕੋਲ 10 ਜੂਨ ਤੋਂ ਝੋਨਾ ਲਾਉਣ ਦੇ ਬਹੁਤ ਹੀ ਠੋਸ ਕਾਰਨ ਹਨ,ਅਕਾਲੀ ਆਗੂ ਨੇ ਕਿਹਾ ਕਿ ਸਭ ਤੋਂ ਵੱਡਾ ਤੱਥ ਇਹ ਹੈ ਕਿ ਸਾਰੇ ਪ੍ਰਬੰਧ ਇਸ ਤਾਰੀਕ ਦੇ ਮੁਤਾਬਿਕ ਕੀਤੇ ਜਾ ਚੁੱਕੇ ਹਨ।ਉਹਨਾਂ ਕਿਹਾ ਕਿ ਝੋਨੇ ਦੀ ਨਰਸਰੀ ਇਸ ਤਾਰੀਕ ਮੁਤਾਬਿਕ ਬੀਜੀ ਜਾ ਚੁੱਕੀ ਹੈ ਅਤੇ ਪਰਵਾਸੀ ਮਜ਼ਦੂਰਾਂ ਨਾਲ ਝੋਨਾ ਲਵਾਈ ਦੇ ਠੇਕੇ ਵੀ ਤੈਅ ਕੀਤੇ ਜਾ ਚੁੱਕੇ ਹਨ।ਮਜੀਠੀਆ ਨੇ ਕਿਹਾ ਕਿ ਕਿਸਾਨ ਸਮਝਦੇ ਹਨ ਕਿ ਇਹ ਸਮਾਂ ਬਹੁਤ ਹੀ ਅਹਿਮ ਹੈ।ਝੋਨਾ ਲੁਆਈ ਵਿਚ 10 ਦਿਨ ਦੀ ਦੇਰੀ ਨਾਲ ਫਸਲ ਨੂੰ ਪੱਕਣ ਲਈ ਘੱਟ ਸਮਾਂ ਮਿਲਣਾ ਹੈ,ਜਿਸ ਦਾ ਅਸਰ ਝਾੜ ਉੱਤੇ ਪੈਣਾ ਹੈ।ਇਸ ਤੋਂ ਇਲਾਵਾ ਦੇਰੀ ਨਾਲ ਬੀਜੇ ਝੋਨੇ ਵਿਚ ਨਮੀ ਦੀ ਮਾਤਰਾ ਵਧੇਰੇ ਹੁੰਦੀ ਹੈ,ਜਿਸ ਕਰਕੇ ਇਸ ਨੂੰ ਵੇਚਣਾ ਮੁਸ਼ਕਿਲ ਹੁੰਦਾ ਹੈ।ਜਿਹੜੇ ਕਿਸਾਨ ਸਮੇਂ ਸਿਰ ਝੋਨਾ ਲਾ ਕੇ ਤਿੰਨ ਫਸਲਾਂ ਲੈਣੀਆਂ ਚਾਹੁੰਦੇ ਹਨ,ਉਹਨਾਂ ਦਾ ਵੀ ਨੁਕਸਾਨ ਹੋਵੇਗਾ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਝੋਨਾ ਲੁਆਈ ਦਾ ਪੀਰੀਅਡ ਛੋਟਾ ਹੋਣ ਕਰਕੇ ਵਧੀ ਮਜ਼ਦੂਰੀ ਦੀ ਲਾਗਤ,ਝਾੜ ਘਟਣ, ਤੀਜੀ ਫਸਲ ਨਾ ਬੀਜ ਸਕਣ ਕਰਕੇ ਹੋਣ ਵਾਲੇ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ।ਕੀ ਸਰਕਾਰ ਇਸ ਗੱਲ ਦਾ ਭਰੋਸਾ ਦਿੰਦੀ ਹੈ ਕਿ ਕਿਸਾਨਾਂ ਦਾ ਨਮੀ ਵਾਲਾ ਝੋਨਾ ਵੀ ਖਰੀਦਿਆ ਜਾਵੇਗਾ?

ਅਕਾਲੀ ਆਗੂ ਨੇ ਕਿਹਾ ਕਿ ਇੱਕ ਹੋਰ ਅਹਿਮ ਪੱਖ ਇਹ ਹੈ ਕਿ ਝੋਨਾ ਲੁਆਈ ਵਿਚ ਦੇਰੀ ਕੀਤੇ ਜਾਣ ਨਾਲ ਵਾਤਾਵਰਣ ਦਾ ਵੀ ਨੁਕਸਾਨ ਹੋਵੇਗਾ ਅਤੇ ਪ੍ਰਦੂਥਸ਼ਨ ਵਧੇਗਾ।ਉਹਨਾਂ ਕਿਹਾ ਕਿ ਦੇਰੀ ਨਾਲ ਝੋਨਾ ਬੀਜਣ ਕਰਕੇ ਕਿਸਾਨਾਂ ਕੋਲ ਪਰਾਲੀ ਨੂੰ ਹੀਲੇ ਲਾਉਣ ਦਾ ਸਮਾਂ ਨਹੀਂ ਹੋਵੇਗਾ ਅਤੇ ਮਜ਼ਬੂਰਨ ਉਹ ਪਰਾਲੀ ਨੂੰ ਜਲਾਉਣਗੇ,ਜਿਸ ਨਾਲ ਉੱਤਰੀ ਖੇਤਰ ਵਿਚ ਵਾਤਾਵਰਣ ਪਲੀਤ ਹੋਵੇਗਾ।

-PTCNews

Related Post