ਕਰਜ਼ੇ ਦੀ ਮਾਰ, ਕਿਸਾਨ ਪ੍ਰੇਸ਼ਾਨ, ਕੌਣ ਕਰੇਗਾ ਹੱਲ?

By  Joshi August 19th 2017 02:39 PM -- Updated: August 19th 2017 06:01 PM

ਪੀਟੀਸੀ ਨਿਊਜ਼ ਦੀ ਇੱਕ ਅਪੀਲ, ਕਿਸਾਨ ਬਚਾਓ, ਪੰਜਾਬ ਬਚਾਓ

 

 

 

 

 

 

ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਬੀਤੇ ਦਿਨੀਂ ੨ ਕਿਸਾਨਾ ਵੱਲੋਂ ਕਰਜ਼ੇ ਕਾਰਨ ਖੁਦਕੁਸ਼ੀ ਕਰਨ ਤੋਂ ਬਾਅਦ ਅੱਜ ਪੰਜਾਬ ਦੇ ਤਿੰਨ ਹੋਰ ਕਿਸਾਨਾਂ ਨੇ ਸਿਰ 'ਤੇ ਚੜ੍ਹੀ ਕਰਜ਼ੇ ਦੀ ਪੰਡ ਦਾ ਭਾਰ ਨਾ ਸਹਾਰਦਿਆਂ ਆਪਣੀ ਜਾਨ ਦੇ ਦਿੱਤੀ ਹੈ।

ਪੀਟੀਸੀ ਨਿਊਜ਼ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ ਇਸ ਵੀਡੀਓ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਖੁਦਕੁਸ਼ੀ ਮਸਲੇ ਦਾ ਹੱਲ ਨਹੀਂ ਹੈ। ਕਿਸਾਨਾਂ ਨਾਲ ਹੀ ਪੰਜਾਬ ਹੈ, ਅੰਨ ਹੈ ਅਤੇ ਜ਼ਿੰਦਗੀ ਹੈ ਅਤੇ ਉਹਨਾਂ ਨੂੰ ਅਣਗੌਲਿਆਂ ਕਰਨਾ ਕਦੀ ਵੀ ਲਾਹੇਵੰਦ ਨਹੀਂ ਹੋ ਸਕਦਾ।

ਅੱਜ ਦੀ ਦੁਖਦਾਈ ਘਟਨਾ- ਇੰਝ ਦੀਆਂ ਕਿੰਨ੍ਹੀਆ ਘਟਨਾਵਾਂ ਰੋਜ਼ ਵਾਪਰ ਰਹੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ

ਪਹਿਲਾ ਮਾਮਲਾ - ਖੰਨਾ :ਇਸਦੇ ਅਧੀਨ ਪੈਂਦੇ ਹਲਕਾ ਪਾਇਲ ਦਾ ਹੈ ਜਿੱਥੇ ਕਰਜ਼ੇ ਤੋਂ ਤੰਗ ੨੮ ਸਾਲ ਦੇ ਨੌਜਵਾਨ ਕਿਸਾਨ ਕੁਲਦੀਪ ਸਿੰਘ ਨੇ ਫਾਹਾ ਲੈਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਕਿਸਾਨ ਦਾ ਵਿਆਹ ਨਹੀਂ ਹੋਇਆ ਸੀ ਤੇ ਆਪਣੇ ਬਜ਼ੁਰਗ ਮਾਪਿਆਂ ਦਾ ਇਕਲੌਤਾ ਸਹਾਰਾ ਸੀ।

ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ 'ਤੇ ੩ ਲੱਖ ਦਾ ਕਰਜ਼ਾ ਚੜ੍ਹਿਆ ਹੋਇਆ ਸੀ ਜਿਸ ਕਾਰਨ ਉਹ ਮਾਨਸਿਕ ਤੱਰ 'ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ।

ਕਿਸਾਨ ਸੁਸਾਇਡ ਦਾ ਦੂਜਾ ਮਾਮਲਾ ਬਠਿੰਡਾ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਪਿੰਡ ਤਿਓਣਾ ਦੇ ਵਸਨੀਕ ੬੦ ਸਾਲਾ ਮੇਜਰ ਸਿੰਘ ਨਾਂਅ ਦੇ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਕਿਸਾਨ ਦੇ ਸਿਰ 'ਤੇ ੨ ਲੱਖ ਦਾ ਕਰਜ਼ਾ ਸੀ।ਮਿਲੀ ਜਾਣਕਾਰੀ ਮੁਤਾਬਕ ਮੇਜਰ ਸਿੰਘ ਦੀ ਪਤਨੀ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਉਹ ਜਿਆਦਾ ਪ੍ਰੇਸ਼ਾਨ ਰਹਿਣ ਲੱਗਾ ਸੀ।

ਤੀਜਾ ਕਿਸਾਨ ਖੁਦਕੁਸ਼ੀ ਮਾਮਲਾ ਬਟਾਲਾ ਵਿੱਚ ਪੇਸ਼ ਆਇਆ ਹੈ ਜਿੱਥੇ ਪਿੰਡ ਦੁਨੀਆ ਸੰਧੂ ਦੇ ਕਿਸਾਨ ਭਗਵਾਨ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਭਗਵਾਨ ਸਿੰਘ ਬੈਂਕ ਤੇ ਸ਼ਾਹੂਕਾਰਾਂ ਦੇ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਭਗਵਾਨ ਸਿੰਘ ਦੀ ੯ ਕਨਾਲ ਜ਼ਮੀਨ 'ਚੋਂ ੬ ਕਨਾਲ ਜ਼ਮੀਨ ਗਹਿਣੇ ਪਈ ਸੀ ਤੇ ਉਤੋਂ ਸਿਰ ਚੜ੍ਹੇ ਕਰਜ਼ੇ ਕਾਰਨ ਵੀ ਉਹ ਪ੍ਰੇਸ਼ਾਨ ਰਹਿੰਦਾ ਸੀ ਤੇ ਇਸੀ ਪ੍ਰੇਸ਼ਾਨੀ ਦੇ ਚਲਦਿਆਂ ਅੱਜ ਤੜਕਸਾਰ ੪ ਵਜੇ ਉਸ ਨੇ ਆਪਣੇ ਖੇਤ 'ਚ ਜਾ ਕੇ ਜ਼ਹਿਰੀਲੀ ਦਵਾਈ ਪੀ ਲਈ।

ਇਹ ਮੌਤਾਂ ਸਰਕਾਰ ਦੇ ਕਰਜ਼ਾ ਮੁਆਫੀ ਵਾਲੇ ਦਾਅਵਿਆਂ ਅਤੇ ਵਾਅਦਿਆਂ ਦਾ ਮੂੰਹ ਚਿੜਾਉਂਦੀਆਂ ਦਿਸਦੀਆਂ ਹਨ।

—PTC News

Related Post