ਨਸ਼ਿਆਂ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਫਿਰੋਜ਼ਪੁਰ 'ਚ ਇਕੋ ਦਿਨ 2 ਨੌਜਵਾਨ ਉਤਰੇ ਮੌਤ ਦੇ ਘਾਟ

By  Jashan A June 24th 2019 04:24 PM

ਨਸ਼ਿਆਂ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਫਿਰੋਜ਼ਪੁਰ 'ਚ ਇਕੋ ਦਿਨ 2 ਨੌਜਵਾਨ ਉਤਰੇ ਮੌਤ ਦੇ ਘਾਟ,ਫਿਰੋਜ਼ਪੁਰ: ਨਸ਼ਿਆਂ ਦੀ ਦਲਦਲ ਨੂੰ ਖਤਮ ਕਰਨ ਦੀਆਂ ਢੀਂਗਾਂ ਮਾਰਨ ਵਾਲੀ ਪੁਲਿਸ ਲੰਬੇ ਸਮੇਂ ਤੋਂ ਨਸ਼ਿਆਂ ਦੇ ਖਾਤਮੇ ਦੀ ਪੂਨੀ ਵੀ ਨਹੀਂ ਕੱਤ ਸਕੀ, ਜਿਸ ਸਦਕਾ ਰੋਜ਼ਾਨਾ ਕਿਤੇ ਨਾ ਕਿਤੇ ਨਸ਼ੇ ਕਰਕੇ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ।

ਕੁਝ ਅਜਿਹਾ ਹੀ ਫ਼ਿਰੋਜ਼ਪੁਰ ਵਿਚ ਵਾਪਰਿਆ, ਜਿਥੇ ਇਕੋ ਦਿਨ ਦੋ ਨੌਜਵਾਨਾਂ ਦੀ ਹੋਈ ਮੌਤ ਨੇ ਇਲਾਕੇ 'ਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਫ਼ਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਦੇ 35 ਸਾਲਾ ਕਾਬਲ ਸਿੰਘ ਅਤੇ ਹਜ਼ਾਰਾ ਸਿੰਘ ਵਾਲਾ ਦੇ 28 ਸਾਲਾ ਮਲਕੀਤ ਸਿੰਘ ਨਸ਼ੇ ਦੀ ਓਵਰਡੋਜ਼ ਸਦਕਾ ਮੌਤ ਦੇ ਮੂੰਹ ਵਿਚ ਚਲਾ ਗਿਆ।

ਹੋਰ ਪੜ੍ਹੋ: ਫਿਰ ਜਿੰਦਗੀ 'ਤੇ ਭਾਰੀ ਪਿਆ ਨਸ਼ਾ, ਹਫਤਾ ਵੀ ਨਾ ਕੱਢੀ ਨਸ਼ੇੜੀ ਦੀ ਵਿਆਹੁਤਾ ਜ਼ਿੰਦਗੀ

ਨੌਜਵਾਨਾਂ ਦੀ ਹੋਈ ਮੌਤ ਬਾਅਦ ਇਕ ਵਾਰ ਫਿਰ ਪਰਿਵਾਰਾਂ ਸਮੇਤ ਆਮ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਕਹਿਣੀ ਤੇ ਕਥਨੀ ਵਿਚਲੇ ਅੰਤਰ ਨੂੰ ਮਿਟਾਉਣ ਦਾ ਬੀੜਾ ਉਠਾਇਆ ਤਾਂ ਜੋ ਨਸ਼ਿਆਂ ਸਦਕਾ ਮੌਤ ਦੇ ਮੂੰਹ ਵਿਚ ਜਾ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ।

ਨੌਜਵਾਨਾਂ ਦੀ ਹੋਈ ਮੌਤ 'ਤੇ ਹੰਝੂ ਵਹਾਉਂਦਿਆਂ ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਤੇ ਪੁਲਿਸ ਸਿਰਫ ਵਾਅਦੇ ਤੇ ਨਾਅਰਿਆਂ ਤੱਕ ਹੀ ਸੀਮਤ ਹੈ, ਜਦੋਂ ਕਿ ਜ਼ਮੀਨੀ ਪੱਧਰ 'ਤੇ ਨਸ਼ਾ ਬਦਸਤੂਰ ਜਾਰੀ ਹੈ, ਜਿਸ ਨੂੰ ਰੋਕਣ ਦਾ ਕੋਈ ਵੀ ਹੀਆ ਨਹੀਂ ਕਰ ਰਿਹਾ।

ਪੁਲਿਸ ਪ੍ਰਸ਼ਾਸਨ ਨੂੰ ਹਲੂਣਦਿਆਂ ਆਮ ਲੋਕਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਗੱਲਾਂ ਕਰਨ ਦੀ ਬਜਾਏ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰੇ ਤਾਂ ਜੋ ਇਲਾਕੇ ਵਿਚ ਧੜੱਲੇ ਨਾਲ ਵਿਕ ਰਹੇ ਨਸ਼ੇ ਦਾ ਪੂਰਨ ਖਾਤਮਾ ਹੋ ਸਕੇ ਅਤੇ ਦਿਨੋ-ਦਿਨ ਗਰਕਦੀ ਜਾ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ।

-PTC News

Related Post