ਆਰਥਿਕ ਤੰਗੀ ਕਾਰਨ ਅਪਾਹਜ ਵਿਅਕਤੀ ਨੇ ਕੀਤੀ ਆਤਮ-ਹੱਤਿਆ

By  Joshi April 6th 2018 06:10 PM

ਆਰਥਿਕ ਤੰਗੀ ਕਾਰਨ ਅਪਾਹਜ ਵਿਅਕਤੀ ਨੇ ਕੀਤੀ ਆਤਮ-ਹੱਤਿਆ

ਤਿੰਨ ਧੀਆਂ ਤੇ ਇੱਕ ਪੁੱਤ ਦਾ ਪਿਓ ਸੀ ਬਲਜਿੰਦਰ ਸਿੰਘ

ਮੋਗਾ : ਆਰਥਿਕ ਤੰਗੀ-ਤੁਰਸ਼ੀ ਦੀ ਮਾਰ ਝੱਲ ਰਹੇ 45 ਵਰ੍ਹਿਆਂ ਦੇ ਇੱਕ ਮਜ਼ਦੂਰ ਬਲਜਿੰਦਰ ਸਿੰਘ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਉਹ ਤਹਿਸੀਲ ਧਰਮਕੋਟ ਅਧੀਨ ਪੈਂਦੇ ਪਿੰਡ ਦੌਲੇਵਾਲਾ ਕਲਾਂ ਦਾ ਵਸਨੀਕ ਸੀ।

ਬਲਜਿੰਦਰ ਸਿੰਘ ਤਿੰਨ ਧੀਆਂ ਤੇ ਇੱਕ ਪੁੱਤ ਦਾ ਬਾਪ ਸੀ। ਜਦੋਂ ਉਸ ਨੂੰ ਆਰਥਿਕ ਤੰਗੀ ਨੇ ਪੂਰੀ ਤਰ੍ਹਾਂ ਨਾਲ ਘੇਰ ਲਿਆ ਤਾਂ ਉਸ ਨੇ ਆਪਣੇ ਹੀ ਪਿੰਡ ਦੇ ਸਿਵਿਆਂ 'ਚ ਜਾ ਕੇ ਫਾਹਾ ਲੈ ਲਿਆ। ਮ੍ਰਿਤਕ ਦੀ ਇੱਕ ਬਾਂਹ ਕੁੱਝ ਸਮਾਂ ਪਹਿਲਾਂ ਕਿਸੇ ਹਾਦਸੇ 'ਚ ਕੱਟੀ ਗਈ ਸੀ ਜਿਸ ਕਾਰਨ ਉਹ ਕੰਮ-ਕਾਰ ਚੰਗੇ ਢੰਗ ਨਾਲ ਕਰਨ ਤੋਂ ਅਸਮਰੱਥ ਸੀ।

ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਅੱਜ ਬਿਨਾਂ ਦੱਸੇ ਘਰੋਂ ਚਲਾ ਗਿਆ ਤੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਜਦੋਂ ਪਰਿਵਾਰਕ ਮੈਂਬਰਾਂ ਨੇ ਬਲਜਿੰਦਰ ਸਿੰਘ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਲਾਸ਼ ਪਿੰਡ ਦੇ ਸਿਵਿਆਂ 'ਚ ਇੱਕ ਦਰੱਖਤ ਨਾਲ ਲਟਕਦੀ ਮਿਲੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਨ ਮਗਰੋਂ ਮ੍ਰਿਤਕ ਦੀ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਮ੍ਰਿਤਕ ਬਲਜਿੰਦਰ ਸਿੰਘ ਦੇ ਬੇਟੇ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸਰੀਰਕ ਪੱਖੋਂ 60 ਫੀਸਦੀ ਅਪਾਹਜ ਸੀ ਤੇ ਪਿਛਲੇ ਕੁੱਝ ਸਮੇਂ ਤੋਂ ਉਹ ਜਿਹੜਾ ਮਾੜਾ-ਮੋਟਾ ਕੰਮ-ਧੰਦਾ ਕਰਦਾ ਸੀ, ਉਹ ਵੀ ਹੁਣ ਉਸ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਬੰਦ ਕਰ ਦਿੱਤਾ ਸੀ।

—PTC News

Related Post