ਬਟਾਲਾ ਵਿਖੇ ਕਬੱਡੀ ਖਿਡਾਰੀ 'ਤੇ ਹੋਈ ਫਾਇਰਿੰਗ, ਜਾਨੀ ਨੁਕਸਾਨ ਤੋਂ ਬਚਾਅ

By  Jasmeet Singh October 4th 2022 12:29 PM -- Updated: October 4th 2022 12:36 PM

ਰਵੀਬਖਸ਼ ਸਿੰਘ ਅਰਸ਼ੀ (ਅੰਮ੍ਰਿਤਸਰ, 4 ਅਕਤੂਬਰ): ਬਟਾਲਾ ਦੀ ਦਾਣਾ ਮੰਡੀ ਗੇਟ ਨਜ਼ਦੀਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ 'ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਖਿਡਾਰੀ 'ਤੇ ਦੋ ਵਾਰ ਫਾਇਰ ਕੀਤੇ ਗਏ, ਇੱਕ ਫਾਇਰ ਖ਼ਾਲੀ ਗਿਆ ਜਦਕਿ ਦੂਸਰੇ ਫਾਇਰ 'ਚ ਕਬੱਡੀ ਖਿਡਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ। ਫਾਇਰਿੰਗ ਕਰਨ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ। ਇਤਲਾਹ ਮਿਲਦੇ ਹੀ ਮੌਕੇ 'ਤੇ ਪੁਲਿਸ ਟੀਮ ਪਹੁੰਚ ਗਈ ਜਿਨ੍ਹਾਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।

ਕਬੱਡੀ ਖਿਡਾਰੀ ਜਰਮਨਜੀਤ ਸਿੰਘ ਬੱਲ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਉਸ ਦੇ ਘਰ ਸਮਾਗਮ ਸੀ ਜਿਸ ਕਾਰਨ ਉਹ ਆਪਣੀ ਗੱਡੀ 'ਚ ਸਵਾਰ ਹੋਕੇ ਸਬਜ਼ੀ ਲੈਣ ਵਾਸਤੇ ਬਟਾਲਾ ਦਾਣਾ ਮੰਡੀ ਪਹੁੰਚਿਆ ਹੋਇਆ ਸੀ। ਸਬਜ਼ੀ ਮੰਡੀ ਵਿਚੋਂ ਸਬਜ਼ੀ ਲੈ ਕੇ ਜਦ ਉਹ ਵਾਪਿਸ ਜਾਣ ਲੱਗਾ ਤਾਂ ਦਾਣਾ ਮੰਡੀ ਦੇ ਗੇਟ ਕੋਲ ਉਸ ਦੀ ਗੱਡੀ ਨੂੰ ਮੰਡੀ ਦੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੇ ਰੋਕ ਲਿਆ ਅਤੇ ਕਿਹਾ ਕਿ ਮੰਡੀ ਅੰਦਰੋਂ ਵਾਪਿਸ ਜਾਣ ਦੀ ਪਰਚੀ ਕਟਵਾਓ ਤਾਂ ਜਰਮਨਜੀਤ ਨੇ ਕਿਹਾ ਕਿ ਉਸ ਨੇ ਸਬਜ਼ੀ ਆਪਣੇ ਸਮਾਗਮ ਵਾਸਤੇ ਲਈ ਹੈ ਨਾਕੇ ਵੇਚਣ ਵਾਸਤੇ।

ਘਰ ਵਾਸਤੇ ਸਬਜ਼ੀ ਲੈ ਕੇ ਜਾਣ ਦੀ ਕੋਈ ਪਰਚੀ ਨਹੀਂ ਹੁੰਦੀ ਇਸੇ ਚੀਜ਼ ਨੂੰ ਲੈ ਕੇ ਠੇਕੇਦਾਰ ਅਤੇ ਉਸ ਦੇ ਕਰਿੰਦੇ ਖਿਡਾਰੀ ਨਾਲ ਝਗੜਦੇ ਹੋਏ ਮੰਦਾ ਬੋਲਣ ਲੱਗ ਪਏ ਅਤੇ ਜਦੋਂ ਉਹ ਆਪਣੀ ਗੱਡੀ ਵਿਚੋਂ ਬਾਹਰ ਨਿਕਲ ਗੱਲ ਕਰਨ ਲਈ ਆਇਆ ਤਾਂ ਮੰਡੀ ਠੇਕੇਦਾਰ ਨੇ ਉਸ ਉੱਤੇ ਰਿਵਾਲਵਰ ਤਾਣ ਲਈ ਅਤੇ ਦੋ ਫਾਇਰ ਕਰ ਦਿੱਤੇ। ਇੱਕ ਫਾਇਰ ਤਾਂ ਖ਼ਾਲੀ ਚਲੇ ਗਿਆ ਅਤੇ ਦੂਸਰੇ ਫਾਇਰ ਤੋਂ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ।

ਕਬੱਡੀ ਖਿਡਾਰੀ ਦਾ ਕਹਿਣਾ ਸੀ ਕਿ ਸਰਕਾਰ ਨੂੰ ਸਖ਼ਤੀ ਕਰਦੇ ਹੋਏ ਐਸੇ ਲੋਕਾਂ ਦੇ ਹਥਿਆਰ ਜ਼ਬਤ ਕਰਦੇ ਹੋਏ ਲਾਇਸੰਸ ਰੱਦ ਕਰਨੇ ਚਾਹੀਦੇ ਹਨ ਅਤੇ ਹਰ ਵਿਅਕਤੀ ਨੂੰ ਅਸਲਾ ਲਾਇਸੰਸ ਨਹੀਂ ਦੇਣਾ ਚਾਹੀਦਾ।

ਇਹ ਵੀ ਪੜ੍ਹੋ: ਅੰਮ੍ਰਿਤਸਰ ਹਵਾਈ ਅੱਡੇ 'ਤੇ ਇਕ ਯਾਤਰੀ ਕੋਲੋਂ ਲੱਖਾਂ ਰੁਪਏ ਦੀ ਵਿਦੇਸ਼ੀ ਤੇ ਭਾਰਤੀ ਕਰੰਸੀ ਜ਼ਬਤ

ਉੱਥੇ ਹੀ ਮੌਕੇ 'ਤੇ ਪਹੁੰਚੇ ਡੀਐਸਪੀ ਲਲਿਤ ਕੁਮਾਰ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਫਾਇਰਿੰਗ ਕਰਨ ਵਾਲਾ ਮੰਡੀ ਠੇਕੇਦਾਰ ਮਨਜੀਤ ਅਤੇ ਉਸ ਦੇ ਕਰਿੰਦੇ ਮੌਕੇ ਤੋਂ ਫ਼ਰਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਿਆਨ ਦਰਜ ਕਰ ਲਏ ਗਏ ਨੇ ਅਗਲੀ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਫ਼ਰਾਰ ਆਰੋਪੀਆ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

-PTC News

Related Post