ਵੈਕਸੀਨ ਦੀ ਦੂਜੀ ਡੋਜ਼ ਮਗਰੋਂ ਬਾਲੜੀ ਦੀ ਮੌਤ, ਇਜਾਜ਼ਤ ਦੇ ਉਲਟ ਲਾਇਆ ਗਿਆ ਟੀਕਾ

By  Jasmeet Singh March 30th 2022 04:01 PM -- Updated: March 30th 2022 05:06 PM

ਨਵੀਂ ਦਿੱਲੀ, 30 ਮਾਰਚ 2022: ਜਿਸ ਵੈਕਸੀਨ ਨੇ ਮਾਰਨਾ ਸੀ ਕੋਰੋਨਾ ਉਸੇ ਨੇ ਮਾਰ ਦਿੱਤੀਆਂ ਇੱਕ ਪਰਿਵਾਰ ਦੀਆਂ ਖੁਸ਼ੀਆਂ। ਇੱਕ ਪਾਸੇ ਤਾਂ ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਨੇ ਇਹ ਗੱਲ ਕਬੂਲੀ ਕਿ ਕੋਵਿਡ-19 ਟੀਕਾਕਰਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸੇ ਵੀ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਉਸ ਦਾ ਟੀਕਾਕਰਨ ਨਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਦਾ ਅਜਿਹਾ ਕੋਈ ਐਸਓਪੀ ਵੀ ਉਪਲਬਧ ਨਹੀਂ ਹੈ ਜਿਸ ਅਧੀਨ ਕਿਸੇ ਉਦੇਸ਼ ਲਈ ਟੀਕਾਕਰਨ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੋਵੇ। ਲੇਕਿਨ ਫਿਰ ਵੀ ਦੇਸ਼ ਦੇ ਇੱਕ ਵਿੱਦਿਅਕ ਅਦਾਰੇ ਨੇ ਇੱਕ ਬਾਲੜੀ ਨੂੰ ਉਸ ਦੀ ਇਜਾਜ਼ਤ ਤੋਂ ਉਲਟ ਜ਼ਬਰਦਸਤੀ ਕੋਵਿਡ-19 ਟੀਕਾਕਰਨ 'ਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਜਿਸਤੋਂ ਬਾਅਦ ਉਸ ਲੜਕੀ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਪੁਲਿਸ ਨੇ 14 ਸਾਲਾ ਬੱਚੇ 'ਤੇ ਢਾਹੇ ਤਸੀਹੇ, ਪਿਤਾ ਨੇ ਇਨਸਾਫ਼ ਦੀ ਕੀਤੀ ਮੰਗ

ਮਾਮਲਾ ਉੱਤਰ ਪ੍ਰਦੇਸ਼ ਦੇ ਗੜ੍ਹਮੁਕਤੇਸ਼ਵਰ ਦਾ ਹੈ ਜਿੱਥੇ 16 ਸਾਲਾ ਬਾਲੜੀ (ਨਾਮ ਗੁਪਤ ਰਖਿਆ ਗਿਆ) ਆਦਰਸ਼ ਕੰਨਿਆ ਇੰਟਰ ਕਾਲਜ ਗੜ੍ਹਮੁਕਤੇਸ਼ਵਰ 'ਚ ਪੜ੍ਹਦੀ ਸੀ ਅਤੇ 7 ਜਨਵਰੀ ਨੂੰ ਉਸ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ। ਬਾਲੜੀ ਦੇ ਪਿਤਾ ਪ੍ਰਮੋਦ ਕੁਮਾਰ ਸ਼ਰਮਾ ਨੇ ਪੀਟੀਸੀ ਨੂੰ ਦੱਸਿਆ ਕਿ ਪਹਿਲੀ ਡੋਜ਼ ਮਗਰੋਂ ਹੀ ਉਨ੍ਹਾਂ ਦੀ ਧੀ ਬਿਮਾਰ ਹੋ ਗਈ ਅਤੇ ਮੇਰਠ ਦੇ ਇਕ ਪ੍ਰਾਈਵੇਟ ਡਾਕਟਰ ਕੋਲ ਜ਼ੇਰੇ ਇਲਾਜ ਰਹੀ।

ਉਨ੍ਹਾਂ ਦੱਸਿਆ ਕਿ ਤਕਰੀਬਨ 15-20 ਦਿਨਾਂ ਤੋਂ ਬਾਅਦ ਅਤੇ ਲੱਖਾਂ ਰੁਪਏ ਖ਼ਰਚ ਕਰਨ ਮਗਰੋਂ ਜਿੱਥੇ ਉਨ੍ਹਾਂ ਦੀ ਬੇਟੀ ਨੂੰ ਆਰਾਮ ਮਿਲਿਆ ਤੇ ਮੇਰਠ ਤੋਂ ਗੜ੍ਹਮੁਕਤੇਸ਼ਵਰ ਵਾਪਸ ਲਿਆਂਦਾ ਗਿਆ ਉੱਥੇ ਹੀ ਸਕੂਲ ਪ੍ਰਸ਼ਾਸਨ ਨੂੰ ਵੀ ਵੈਕਸੀਨ ਕਾਰਨ ਹੋਏ ਰੀਐਕਸ਼ਨ ਦੀ ਜਾਣਕਾਰੀ ਦੇ ਦਿੱਤੀ ਗਈ ਸੀ।

ਜਦੋਂ ਪੀਟੀਸੀ ਵੱਲੋਂ ਆਦਰਸ਼ ਕੰਨਿਆ ਇੰਟਰ ਕਾਲਜ ਦੀ ਪ੍ਰਿੰਸੀਪਲ ਗਰਗੀ ਚੌਹਾਨ ਨਾਲ ਇਸ ਬਾਰੇ ਸੰਪਰਕ ਸਾਧਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਲੜੀ ਦੇ ਮਾਤਾ ਪਿਤਾ ਵੱਲੋਂ ਵਿੱਦਿਅਕ ਅਦਾਰੇ ਨੂੰ ਲਿਖਤ ਵਿਚ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹਾਲਾਂਕਿ ਮ੍ਰਿਤਕ ਦੇ ਪਿਤਾ ਪ੍ਰਮੋਦ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਵੱਲੋਂ ਸਕੂਲ ਟੀਚਰ ਨੂੰ ਪਹਿਲੀ ਡੋਜ਼ ਮਗਰੋਂ ਵਿਗੜੀ ਹਾਲਤ ਦੀ ਜਾਣਕਾਰੀ ਦਿੱਤੀ ਗਈ ਸੀ।

ਉਨ੍ਹਾਂ ਕਿਹਾ ਇਸ ਦੇ ਨਾਲ ਹੀ ਦੂਜੀ ਡੋਜ਼ ਲੱਗਣ ਵੇਲੇ ਵੀ ਬਾਲੜੀ ਨੇ ਇਸ ਦਾ ਵਿਰੋਧ ਕੀਤਾ ਪਰ ਸਕੂਲ ਪ੍ਰਸ਼ਾਸਨ ਨੇ ਉਸ ਦੀ ਇੱਕ ਨਾ ਮੰਨੀ। ਉਨ੍ਹਾਂ ਦੱਸਿਆ ਕਿ 18 ਫਰਵਰੀ ਨੂੰ ਦੂਜੀ ਡੋਜ਼ ਲੱਗਣ ਮਗਰੋਂ ਜਿੱਥੇ ਬੱਚੀ ਪਹਿਲਾ ਦੀ ਤਰ੍ਹਾਂ ਹੀ ਬਿਮਾਰ ਹੋ ਗਈ ਉੱਥੇ ਹੀ ਉਸਨੂੰ ਇਸ ਵਾਰੀ ਰੋਹਤਕ ਦੇ ਪੀ.ਜੀ.ਆਈ 'ਚ ਦਾਖਲ ਕਰਵਾਉਣਾ ਪਿਆ ਜਿੱਥੇ 9 ਦਿਨਾਂ ਤੱਕ ਆਈ.ਸੀ.ਯੂ 'ਚ ਰਹਿਣ ਮਗਰੋਂ ਬੀਤੇ ਦਿਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਕੁਲਯੁੱਗੀ ਮਾਂ ਨੇ ਆਪਣੇ ਰਾਜ਼ ਛੁਪਾਉਣ ਲਈ ਪੁੱਤ ਦੀ ਕੀਤੀ ਹੱਤਿਆ

ਪ੍ਰਮੋਦ ਸ਼ਰਮਾ ਨੇ ਸਕੂਲ ਪ੍ਰਸ਼ਾਸਨ 'ਤੇ ਆਰੋਪ ਲਾਇਆ ਕਿ ਜਦੋਂ ਉਨ੍ਹਾਂ ਇਸ ਬਾਬਤ ਸਕੂਲ ਟੀਚਰ ਸੋਨੂੰ ਤ੍ਯਾਗੀ ਨਾਲ ਰਾਬਤਾ ਸਾਧੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਰਕਾਰੀ ਕਾਰਜ ਸੀ ਤੇ ਜੇਕਰ ਉਹ ਚਾਹੁਣ ਤਾਂ ਸਰਕਾਰ 'ਤੇ ਮੁਕੱਦਮਾ ਕਰ ਸਕਦੇ ਹੈ। ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੀ ਮੌਤ ਅਤੇ ਸਸਕਾਰ ਤੋਂ ਬਾਅਦ ਵੀ ਅੱਜ ਤਾਈਂ ਸਕੂਲ ਪ੍ਰਸ਼ਾਸਨ ਨੇ ਕਸ਼ਿਸ਼ ਵਾਰੇ ਕੁੱਝ ਵੀ ਜਾਨਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।

ਜਿੱਥੇ ਇੱਕ ਪਾਸੇ ਇਸ ਮਾਮਲੇ 'ਚ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ 'ਤੇ ਸਵਾਲੀਆਂ ਨਿਸ਼ਾਨ ਖੜੇ ਹੁੰਦੇ ਨੇ ਉੱਥੇ ਹੀ ਇਹ ਵੀ ਵਿਚਾਰਨ ਯੋਗ ਵਿਸ਼ਾ ਹੈ ਕਿ ਜਦੋਂ ਕੋਵਿਡ ਵੈਕਸੀਨ ਲਾਜ਼ਮੀ ਨਹੀਂ ਹੈ ਤਾਂ ਇਮਤਿਹਾਨ ਜਾਂ ਪ੍ਰੈਕਟਿਕਲਸ ਦੇ ਬਹਾਨੇ ਵਿਦਿਆਰਥੀਆਂ ਨੂੰ ਵਿੱਦਿਅਕ ਅਦਾਰਿਆਂ ਵੱਲੋਂ ਵੈਕਸੀਨ ਲਈ ਮਜਬੂਰ ਕਿਉਂ ਕੀਤਾ ਜਾਂਦਾ ਹੈ।

-PTC News

Related Post