ਸ੍ਰੀ ਕਰਤਾਰਪੁਰ ਸਾਹਿਬ: ਕੈਬਨਿਟ ਮੰਤਰੀਆਂ ਨੇ ਭਾਈਚਾਰਕ ਸਾਂਝ, ਖੁਸ਼ਹਾਲੀ ਤੇ ਆਪਸੀ ਸਦਭਾਵਨਾ ਲਈ ਕੀਤੀ ਅਰਦਾਸ

By  Riya Bawa November 20th 2021 04:56 PM

ਸ੍ਰੀ ਕਰਤਾਰਪੁਰ ਸਾਹਿਬ/ਡੇਰਾ ਬਾਬਾ ਨਾਨਕ: ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਉਤੇ ਪੰਜਾਬ ਦੇ ਜੱਥੇ ਵੱਲੋਂ ਅੱਜ ਲਗਾਤਾਰ ਤੀਜੇ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਗਏ। ਜੱਥੇ ਵੱਲੋਂ ਭਾਈਚਾਰਕ ਸਾਂਝ, ਇਸ ਖ਼ਿੱਤੇ ਦੇ ਲੋਕਾਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਆਪਸੀ ਸਦਭਾਵਨਾ ਲਈ ਅਰਦਾਸ ਵੀ ਕੀਤੀ ਗਈ। ਜੱਥੇ ਵਿੱਚ ਮਾਲ ਤੇ ਮੁੜ ਵਸੇਬਾ ਮੰਤਰੀ ਅਰੁਣਾ ਚੌਧਰੀ, ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸੰਗਤ ਸਿੰਘ ਗਿਲਜੀਆ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇਪੀ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਅਮਿਤ ਵਿੱਜ ਤੇ ਰਾਜਿੰਦਰ ਸਿੰਘ ਸ਼ਾਮਲ ਸਨ।

ਇਸ ਮੌਕੇ ਮਾਲ ਤੇ ਮੁੜ ਵਸੇਬਾ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਇਸ ਲਾਂਘੇ ਦੇ ਮੁੜ ਖੁੱਲ੍ਹਣ ਨਾਲ ਨਾਨਕ ਨਾਮ ਲੇਵਾ ਸੰਗਤ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਮੁੜ ਸਹੂਲਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖ ਸੰਗਤ ਵੱਲੋਂ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ।

ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਉਹ ਪਾਵਨ ਅਸਥਾਨ ਹੈ ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਬਤੀਤ ਕੀਤਾ ਅਤੇ ਹੱਥੀਂ ਖੇਤੀ ਕਰਕੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦੇ ਸਿਧਾਂਤ ਨੂੰ ਹਕੀਕੀ ਰੂਪ ਦਿੱਤਾ। ਉਨ੍ਹਾਂ ਕਿਹਾ ਕਿ ਇੱਥੋਂ ਸਮੁੱਚੀ ਲੋਕਾਈ ਨੂੰ ਗੁਰੂ ਸਾਹਿਬਾਨ ਵੱਲੋੰ ਹਲੀਮੀ, ਏਕਤਾ, ਸ਼ਾਂਤੀ ਅਤੇ ਭਲਾਈ ਦੇ ਮਾਰਗ ਉਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਪਿਆਰ, ਸਾਂਝੀਵਾਲਤਾ ਅਤੇ ਸਦਭਾਵਨਾ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਲਾਂਘਾ ਸਾਡੇ ਗੁਰੂ ਸਾਹਿਬ ਜੀ ਦੇ ਮਹਾਨ ਫਲਸਫੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਹਿਮ ਸਾਬਤ ਹੋਵੇਗਾ।

ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸੰਗਤ ਸਿੰਘ ਗਿਲਜੀਆ ਨੇ ਕਿਹਾ ਕਿ ਅੱਜ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਉਨ੍ਹਾਂ ਨੂੰ ਜਥੇ ਦੇ ਰੂਪ ਵਿਚ ਜਾ ਰਹੀ ਸੰਗਤ ਦਾ ਹਿੱਸਾ ਬਣਨ ਦਾ ਸੁਭਾਗ ਹਾਸਲ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉਤੇ ਕਰੀਬ ਡੇਢ ਸਾਲ ਬਾਅਦ ਮੁੜ ਖੁੱਲ੍ਹੇ ਲਾਂਘੇ ਤੋਂ ਬਾਅਦ ਅੱਜ ਤੀਜੇ ਦਿਨ ਪਾਕਿਸਤਾਨ ਸਥਿਤ ਨਾਰੋਵਾਲ ਵਿਖੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੰਜਾਬ ਦਾ ਜੱਥਾ ਸਵੇਰੇ 11 ਵਜੇ ਸਰਹੱਦ ਪਾਰ ਗਿਆ। ਇਸ ਤੋਂ ਪਹਿਲਾ ਡੇਰਾ ਬਾਬਾ ਨਾਨਕ ਵਿਖੇ ਬਣੇ ਸ੍ਰੀ ਕਰਤਾਰਪੁਰ ਸਾਹਿਬ ਟਰਮੀਨਲ ਵਿਖੇ ਪੁੱਜੇ ਜੱਥੇ ਦਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਤੇ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ. ਹਰਪ੍ਰੀਤ ਸਿੰਘ ਨੇ ਸਵਾਗਤ ਕੀਤਾ।

-PTC News

Related Post