ਗੁਰਦਾਸਪੁਰ ਚੋਣਾਂ: ਸੁਨੀਲ ਜਾਖੜ ਨੇ ਦਰਜ ਕੀਤੀ ਵੱਡੀ ਜਿੱਤ

By  Joshi October 15th 2017 12:44 PM -- Updated: October 15th 2017 12:50 PM

ਗੁਰਦਾਸਪੁਰ ਜ਼ਿਮਨੀ ਚੋਣਾਂ ਵਿੱਚ ਸੁਨੀਲ ਜਾਖੜ ਨੇ ਵੱਡੀ ਲੀਡ ਨਾਲ ਜਿੱਤ ਦਰਜ ਕਰ ਲਈ ਹੈ। ਲੋਕ ਸਭਾ ਸੀਟ 'ਤੇ ਹੋਈਆਂ ਉਪ ਚੋਣਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋ ਚੁੱਕੀ ਸੀ, ਜਿਸ 'ਚ ਜਾਖੜ ਨੇ ਸ਼ੁਰੂ ਤੋਂ ਹੀ ਬੜ੍ਹਤ ਬਣਾ ਕੇ ਰੱਖੀ ਸੀ। ਜ਼ਿਲ੍ਹਾ ਚੋਣ ਅਫਸਰ ਨੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ "ਜਿੱਤ ਦਾ ਸਰਟੀਫਿਕੇਟ" ਦੇ ਕੇ ਦੀਵਾਲੀ ਮਨਾਉਣ ਦਾ ਇੱਕ ਨਵਾਂ ਬਹਾਨਾ ਦੇ ਦਿੱਤਾ ਹੈ। ਸੁਨੀਲ ਜਾਖੜ ਨੂੰ 4,99782 ਵੋਟਾਂ ਮਿਲੀਆਂ। ਸੁਨੀਲ ਜਾਖੜ ਨੇ ਵਿਰੋਧੀਆਂ ਨੂੰ 1,93,219 ਦੇ ਵੱਡੇ ਫਰਕ ਨਾਲ ਹਰਾਇਆ ਹੈ।

ਗਿਣਤੀ ਦੌਰਾਨ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਪੂਰੀ ਚੈਕਿੰਗ ਕਰ ਕੇ ਉਮੀਦਵਾਰ ਦੇ ਸਹਿਯੋਗੀਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਕੀਤੀ ਜਾ ਰਹੀ ਸੀ।

ਨੌਵੇਂ ਗੇੜ ਤੋਂ ਬਾਅਦ ਹੀ ਜਾਖੜ ਬਾਕੀ ਉਮੀਦਵਾਰਾਂ ਨੂੰ ਪਛਾੜਦੇ ਹੋਏ 94161 ਵੋਟਾਂ ਦੇ ਫਰਕ ਨਾਲ ਅੱਗੇ ਲੀਡ ਕਰ ਰਹੇ ਸਨ ਜਦਕਿ ਬਾਅਦ 'ਚ ਇਹ ਲੀਡ ਵੱਧ ਕੇ 1 ਲੱਖ 8 ਹਜ਼ਾਰ 230 ਹੋ ਗਈ ਸੀ।

ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਦੇ ਕੁੱਲ 14 ਰਾਊਂਡ ਹੋਏ ਸਨ, ਜਿਹਨਾਂ ਤੋਂ ਬਾਅਦ ਨਤੀਜਾ ਦੱਸਿਆ ਗਿਆ ਸੀ।  ਇਹਨਾਂ ਚੋਣਾਂ 'ਚ ਕੁੱਲ 15,17,436 ਵੋਟਰ ਸਨ ਜਦਕਿ ਕੁੱਲ 8,59,336 (55.87%) ਵੋਟਿੰਗ ਹੋਈ ਸੀ।

ਵਿਨੋਦ ਖੰਨਾ ਦੀ ਮੌਤ ਦੇ ਬਾਅਦ ਖਾਲੀ ਹੋਈ ਇਸ ਲੋਕ ਸਭਾ ਸੀਟ 'ਤੇ ਹੋਏ ਉਪ ਚੋਣ 'ਚ  ਕਾਂਗਰਸ ਦੇ ਸੁਨੀਲ ਜਾਖੜ, ਭਾਜਪਾ ਦੇ ਸਵਰਨ ਸਲਾਰੀਆ, ਆਮ ਆਦਮੀ ਪਾਰਟੀ ਦੇ ਸੁਰੇਸ਼ ਖਜੂਰੀਆਂ ਸਮੇਤ 11 ਉਮੀਦਵਾਰ ਚੋਣ ਮੈਦਾਨ ਵਿਚ ਸਨ।

—PTC News

Related Post