ਹੈਂਡਬਾਲ ਦੇ ਸੋਨ ਤਗਮਾ ਜੇਤੂ ਖਿਡਾਰੀ ਸ਼ਮਸ਼ੇਰ ਸਿੰਘ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ

By  Jashan A November 27th 2019 09:21 AM

ਹੈਂਡਬਾਲ ਦੇ ਸੋਨ ਤਗਮਾ ਜੇਤੂ ਖਿਡਾਰੀ ਸ਼ਮਸ਼ੇਰ ਸਿੰਘ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ,ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੈਂਡਬਾਲ ਵਿਚ ਸੋਨ ਤਗਮਾ ਜੇਤੂ ਨੌਜੁਆਨ ਸ਼ਮਸ਼ੇਰ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਵਿਚ ਤਗਮੇ ਹਾਸਲ ਕਰਨ 'ਤੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੋਇਆ ਹੈ।

ਇਸੇ ਤਹਿਤ ਹੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂਵਾਲ ਦੇ ਵਾਸੀ ਸ਼ਮਸ਼ੇਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਇਹ ਸਨਮਾਨ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਖੁਸ਼ਵਿੰਦਰ ਸਿੰਘ ਭਾਟੀਆ, ਸਕੱਤਰ ਮਨਜੀਤ ਸਿੰਘ ਬਾਠ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਤੇ ਸਕੱਤਰ ਸਿੰਘ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ।

ਹੋਰ ਪੜ੍ਹੋ: ਸ਼੍ਰੋਮਣੀ ਕਮੇਟੀ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤੀ ਪ੍ਰਬੰਧਾਂ ਲਈ ਟੈਂਡਰ ਦੇ ਵੇਰਵੇ ਕੀਤੇ ਜਾਰੀ

ਸ਼ਮਸ਼ੇਰ ਸਿੰਘ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਹੈਂਡਬਾਲ ਸੈਂਟਰ ਵੱਲੋਂ ਵੱਖ-ਵੱਖ ਟੂਰਨਾਮੈਂਟਾਂ ਦੌਰਾਨ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ। ਉਸ ਨੇ ਮਾਰਚ 2018 ਵਿਚ ਪਾਕਿਸਤਾਨ ਵਿਚ ਅੰਡਰ-21 ਚੈਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ ਨਵੰਬਰ 2018 ਵਿਚ ਥਾਈਂਲੈਂਡ ਵਿਖੇ ਹੋਈਆਂ ਖੇਡਾਂ ਦੌਰਾਨ ਉਸ ਨੇ ਤੀਸਰਾ ਸਥਾਨ ਹਾਸਲ ਕੀਤਾ।

ਮਾਰਚ 2019 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਲ ਇੰਡੀਆ ਚੈਪੀਅਨਸ਼ਿਪ ਸਮੇਂ ਸੋਨੇ ਦਾ ਤਗਮਾ ਹਾਸਲ ਕਰਕੇ ਸਿੱਖ ਕੌਮ ਦਾ ਨਾਮ ਚਮਕਾਇਆ। ਇਸੇ ਤਰ੍ਹਾਂ ਹੋਰ ਕਈ ਮੁਕਾਬਲਿਆਂ ਸਮੇਂ ਵੀ ਸ਼ਮਸ਼ੇਰ ਸਿੰਘ ਨੇ ਬਿਹਤਰ ਕਾਰਗੁਜ਼ਾਰੀ ਦਿਖਾ ਕੇ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ।

ਸ਼ਮਸ਼ੇਰ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਕਿਹਾ ਕਿ ਸਿੱਖ ਨੌਜੁਆਨੀ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਨੌਜੁਆਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲਵਿੰਦਰ ਸਿੰਘ ਇੰਚਾਰਜ ਤੇ ਹਰਭਜਨ ਸਿੰਘ ਆਦਿ ਮੌਜੂਦ ਸਨ।

-PTC News

Related Post