ਹਰਸਿਮਰਤ ਕੌਰ ਬਾਦਲ ਨੇ AIFPA ਨੂੰ ਭਰੋਸਾ ਦਿਵਾਇਆ ਕਿ ਲਾਕਡਾਊਨ ਦੌਰਾਨ ਉਹਨਾਂ ਦੇ ਅਦਾਰਿਆਂ ਨੂੰ ਕੰਮ ਕਰਨ ਦੀ ਹੋਵੇਗੀ ਆਗਿਆ

By  Shanker Badra March 25th 2020 07:36 PM

ਹਰਸਿਮਰਤ ਕੌਰ ਬਾਦਲ ਨੇ AIFPA ਨੂੰ ਭਰੋਸਾ ਦਿਵਾਇਆ ਕਿ ਲਾਕਡਾਊਨ ਦੌਰਾਨ ਉਹਨਾਂ ਦੇ ਅਦਾਰਿਆਂ ਨੂੰ ਕੰਮ ਕਰਨ ਦੀ ਹੋਵੇਗੀ ਆਗਿਆ:ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਸਰਬ ਭਾਰਤੀ ਫੂਡ ਪ੍ਰੋਸੈਸਰਜ਼ ਸੰਗਠਨ (ਏਆਈਐਫਪੀਏ) ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਵੱਲੋਂ ਲਾਕਡਾਊਨ ਦੌਰਾਨ ਕੰਮ ਕਰਨ ਅਤੇ ਆਪਣੇ ਕਰਮਚਾਰੀਆਂ ਲਈ ਘਰਾਂ ਤੋਂ ਕੰਮ ਵਾਲੀਆਂ ਥਾਂਵਾਂ ਉਤੇ ਜਾਣ ਵਾਸਤੇ ਪਾਸ ਦਿੱਤੇ ਜਾਣ ਦੀ ਬੇਨਤੀ ਵਿਚਾਰ ਅਧੀਨ ਹੈ, ਜਿਸ ਨੂੰ ਜਲਦੀ ਹੀ ਸਵੀਕਾਰ ਕੀਤੇ ਜਾਣ ਦੀ ਸੰਭਾਵਨਾ ਹੈ।ਕੇਂਦਰੀ ਮੰਤਰੀ ਨੇ ਇਹ ਭਰੋਸਾ ਏਆਈਐਫਪੀਏ ਦੇ ਪ੍ਰਧਾਨ ਡਾਕਟਰ ਸੁਬੋਧ ਜਿੰਦਲ ਨੂੰ ਦਿਵਾਇਆ। ਉਹਨਾਂ ਇਹ ਵੀ ਭਰੋਸਾ ਦਿਵਾਇਆ ਕਿ ਸਮਾਨ ਢੋਣ ਵਾਲੇ ਵਾਹਨਾਂ ਨੂੰ ਕੱਚਾ ਮਾਲ, ਡੱਬਾਬੰਦ ਮਾਲ ਅਤੇ ਖੁਰਾਕ ਉਤਪਾਦ ਲਿਜਾਣ ਵਾਸਤੇ ਪਰਮਿਟ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਫੂਡ ਇੰਡਸਟਰੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਫੌਰੀ ਹੱਲ ਲੱਭਣ ਲਈ ਹਰ ਜ਼ਿਲ੍ਹੇ ਅੰਦਰ ਸਮੱਸਿਆ ਨਿਵਾਰਣ ਸੈਲ ਸਥਾਪਤ ਕੀਤੇ ਜਾਣਗੇ।

ਡਾਕਟਰ ਸੁਬੋਧ ਜਿੰਦਲ ਨੇ ਫੂਡ ਇੰਡਸਟਰੀ ਦੀ ਮਦਦ ਵਾਸਤੇ ਅਤੇ ਲੋਕਾਂ ਤਕ ਫੂਡ ਵਸਤਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕੇਂਦਰੀ ਮੰਤਰੀ ਵੱਲੋਂ ਕੀਤੀ ਪਹਿਕਦਮੀ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਖੁਰਾਕ ਉਤਪਾਦਾਂ ਦੀ ਵਿਕਰੀ ਨਾਲ ਜੁੜੇ ਅਦਾਰੇ, ਜਿਹੜੇ ਰਿਟੇਲ ਮਾਰਕੀਟ ਦਾ ਹਿੱਸਾ ਨਹੀ ਹਨ, ਨੂੰ ਬੰਦ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਅਦਾਰਿਆਂ ਦਾ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੁੰਦਾ ਹੈ, ਇਸ ਲਈ ਇਹਨਾਂ ਨੂੰ ਚਾਲੂ ਰੱਖਣ ਦੀ ਆਗਿਆ ਦੇਣੀ ਚਾਹੀਦੀ ਹੈ।

ਏਆਈਐਫਪੀਏ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਵਿਕਰੇਤਾਵਾਂ ਤੋਂ ਖੁਰਾਕ ਉਤਪਾਦਾਂ ਨੂੰ ਚੁੱਕ ਕੇ ਖਪਤਕਾਰਾਂ ਤੱਕ ਪਹੁੰਚਾਉਣ ਵਾਲੇ ਐਗਰੇਗੇਸ਼ਨ ਕੇਂਦਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਅਪੀਲ ਕੀਤੀ ਕਿ ਇਹਨਾਂ ਕੇਂਦਰਾਂ ਨੂੰ ਖੁੱਲ੍ਹਾ ਰੱਖਣ ਦੀ ਆਗਿਆ ਦਿੱਤੀ ਜਾਵੇ।ਬੀਬਾ ਬਾਦਲ ਨੇ ਏਆਈਐਫਪੀਏ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਵੱਲੋ ਉਠਾਏ ਸਾਰੇ ਮਸਲਿਆਂ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਹਨਾਂ ਦਾ ਹੱਲ ਲੱਭ ਲਿਆ ਜਾਵੇਗਾ ਤਾਂ ਕਿ ਮੌਜੂਦਾ ਤਾਲਾਬੰਦੀ ਦੌਰਾਨ ਜਰੂਰੀ ਵਸਤਾਂ ਦੀ ਲੋਕਾਂ ਤਕ ਸਪਲਾਈ ਯਕੀਨੀ ਬਣਾਉਣ ਵਿਚ ਕੋਈ ਅੜਿੱਕਾ ਨਾ ਆਵੇ।

-PTCNews

Related Post