ਹਰਿਆਣਾ 'ਚ ਕੱਲ ਤੋਂ ਚੱਲਣਗੀਆਂ ਰੋਡਵੇਜ਼ ਬੱਸਾਂ, ਟਿਕਟਾਂ ਦੀ ਆਨਲਾਈਨ ਬੁਕਿੰਗ ਤੋਂ ਬਾਅਦ ਕਰ ਸਕੋਗੇ ਸਫ਼ਰ

By  Shanker Badra May 14th 2020 02:06 PM

ਹਰਿਆਣਾ 'ਚ ਕੱਲ ਤੋਂ ਚੱਲਣਗੀਆਂ ਰੋਡਵੇਜ਼ ਬੱਸਾਂ, ਟਿਕਟਾਂ ਦੀ ਆਨਲਾਈਨ ਬੁਕਿੰਗ ਤੋਂ ਬਾਅਦ ਕਰ ਸਕੋਗੇ ਸਫ਼ਰ:ਚੰਡੀਗੜ੍ਹ : ਕੋਰੋਨਾ ਲਾਕਡਾਊਨ ਦੇ ਵਿਚਕਾਰ ਹਰਿਆਣਾ ਸਰਕਾਰ ਨੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਹਰਿਆਣਾ ਸਰਕਾਰਨੇ 15 ਮਈ ਤੋਂ ਸੂਬੇ ਵਿਚ ਰੋਡਵੇਜ਼ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ ਪਰ ਇਹ ਬੱਸਾਂ ਨਿਰਧਾਰਤ ਰੂਟਾਂ 'ਤੇ ਹੀ ਚੱਲਣਗੀਆਂ। ਹੁਣ ਇਹ ਵਿਸ਼ੇਸ਼ ਬੱਸਾਂ ਹਰਿਆਣਾ ਤੋਂ ਬਾਹਰ ਅਤੇ ਕੋਰੋਨਾ ਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਇਲਾਕਿਆਂ 'ਚ ਸ਼ੁਰੂ ਨਹੀਂ ਹੋਵੇਗੀ।  ਜੇ ਲੋਕ ਇਸ ਸਮੇਂ ਦੌਰਾਨ ਸਰੀਰਕ ਦੂਰੀ ਕਾਨੂੰਨ ਦੀ ਪਾਲਣਾ ਕਰਦੇ ਹਨ ਤਾਂ ਆਵਾਜਾਈ ਪ੍ਰਣਾਲੀ ਨਿਰਵਿਘਨ ਕੀਤੀ ਜਾਏਗੀ।

ਆਵਾਜਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਸਿਰਫ ਆਨਲਾਈਨ ਪੋਰਟਲ www.hartrans.gov.in ਦੇ ਰਾਹੀਂ ਹੀ ਬੁਕਿੰਗ ਕਰ ਸਕਦੇ ਹਨ। ਇਸ ਦੇ ਇਲਾਵਾ ਮਾਰਗਾਂ ਦਾ ਵੇਰਵਾ ਅਤੇ ਕਿਰਾਏ ਨਾਲ ਸਬੰਧਿਤ ਜਾਣਕਾਰੀ ਵੀ ਵੈੱਬਸਾਈਟ 'ਤੇ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਜ਼ਿਲਿਆਂ 'ਚੋਂ ਗੁਜ਼ਰਨ ਵਾਲੀ ਬੱਸਾਂ ਬਾਈਪਾਸ ਜਾਂ ਫਲਾਈਓਵਰ ਤੋਂ ਲੰਘੇਗੀ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਿਰਫ ਕੰਨਫਰਮ ਬੁਕਿੰਗ ਵਾਲੇ ਯਾਤਰੀਆਂ ਨੂੰ ਹੀ ਬੱਸ ਅੱਡਿਆਂ 'ਚ ਦਾਖਲ ਹੋਣ ਦੀ ਆਗਿਆ ਹੋਵੇਗੀ। ਹਰ ਬੱਸ 'ਚ ਸੋਸ਼ਲ ਡਿਸਟੈਂਸ਼ਿੰਗ ਦਾ ਪਾਲਣ ਕਰਦੇ ਹੋਏ ਸਿਰਫ 30 ਯਾਤਰੀਆਂ ਨੂੰ ਹੀ ਬਿਠਾਇਆ ਜਾਵੇਗਾ। ਇਸ ਦੇ ਨਾਲ ਹੀ ਨਿਰਧਾਰਿਤ ਬੱਸ ਅੱਡਿਆਂ 'ਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਹਰ ਯਾਤਰੀ ਦੇ ਲਈ ਮਾਸਕ ਪਹਿਨਣਾ ਜਰੂਰੀ ਹੋਵੇਗਾ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਇਹ ਸੇਵਾਵਾਂ ਕੰਟੇਨਮੈਂਟ ਜ਼ੋਨ ਵਿਚ ਬੰਦ ਰਹਿਣਗੀਆਂ। ਪੰਚਕੂਲਾ, ਅੰਬਾਲਾ, ਮਹਿੰਦਰਗੜ੍ਹ ਅਤੇ ਕਰਨਾਲ ਸਮੇਤ ਕੁਝ ਜ਼ਿਲ੍ਹਿਆਂ ਵਿੱਚ ਹਰ ਰੋਜ਼ ਦੋ ਤੋਂ ਚਾਰ ਬੱਸਾਂ ਚਲਾਈਆਂ ਜਾਣਗੀਆਂ। ਇਹ ਵੇਖਣਾ ਹੋਵੇਗਾ ਕਿ ਕੀ ਇਸ ਦੌਰਾਨਲੋਕ ਸਰੀਰਕ ਦੂਰੀ ਦੇ ਕਾਨੂੰਨ ਦੀ ਪਾਲਣਾ ਕਰਦੇ ਹਨ ਜਾਂ ਫ਼ਿਰ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਰੋਡਵੇਜ ਨੂੰ ਬੱਸਾਂ ਦਾ ਸੰਚਾਲਨ ਬੰਦ ਕਰਨਾ ਪਏਗਾ।

-PTCNews

Related Post