ਕੌੜਾ ਹੈ ਪਰ ਬੜਾ ਫ਼ਾਇਦੇ ਵਾਲਾ ਹੈ 'ਕਰੇਲਾ' , ਆਓ ਜਾਣੀਏ ਇਸਦੇ ਸੇਵਨ ਨਾਲ ਹੋਣ ਵਾਲੇ ਲਾਭਾਂ ਬਾਰੇ

By  Kaveri Joshi September 3rd 2020 06:44 PM -- Updated: September 11th 2020 12:56 PM

ਕੌੜਾ ਹੈ ਪਰ ਬੜਾ ਫ਼ਾਇਦੇ ਵਾਲਾ ਹੈ 'ਕਰੇਲਾ' , ਆਓ ਜਾਣੀਏ ਇਸਦੇ ਸੇਵਨ ਨਾਲ ਹੋਣ ਵਾਲੇ ਲਾਭਾਂ ਬਾਰੇ : ਪੌਸ਼ਟਿਕ ਅਤੇ ਰੋਗ ਮੁਕਤ ਸ੍ਰੋਤ 'ਕਰੇਲਾ' ਖਾਣ 'ਚ ਬੇਸ਼ੱਕ ਕੌੜਾ ਹੁੰਦਾ ਹੈ ,ਪਰ ਇਸਦੇ ਗੁਣ ਬੇਹੱਦ ਲਾਜਵਾਬ ਹਨ। ਆਯੁਰਵੈਦ ਵਿਚ ਬਹੁਤ ਲੰਬੇ ਸਮੇਂ ਤੋਂ ਵਰਤੇ ਜਾਂਦੇ ਕਰੇਲੇ ਨੂੰ ਏਸ਼ਿਆਈ ਅਤੇ ਅਫ਼ਰੀਕੀ ਹਰਬਲ ਦਵਾਈ ਪ੍ਰਣਾਲੀਆਂ ਵਿੱਚ ਵੀ ਵਰਤਿਆ ਗਿਆ ਹੈ। ਰੋਗਾਂ ਨੂੰ ਦੂਰ ਕਰਨ 'ਚ ਲਾਭਕਾਰੀ ਮੰਨੇ ਜਾਂਦੇ ਕਰੇਲੇ ਨੂੰ ਖਾਸ ਕਰਕੇ ਪੇਟ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ।

ਅੱਜ ਕੱਲ੍ਹ ਬਹੁਤ ਸਾਰੇ ਲੋਕ ਸ਼ੂਗਰ ਦੀ ਸਮੱਸਿਆ ਤੋਂ ਪੀੜਤ ਹੋਣ ਕਾਰਨ ਖੁਦ ਹੀ ਕਰੇਲੇ ਦਾ ਸੇਵਨ ਕਰਦੇ ਹਨ , ਇਹੀ ਨਹੀਂ ਸਿਹਤ ਮਾਹਰਾਂ ਵੱਲੋਂ ਵੀ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਕਰੇਲੇ ਖਾਣ/ ਅਤੇ ਕਰੇਲੇ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ । ਕੁਕੁਰਬਿਟੇਸ਼ਿਆਏ ਪ੍ਰਜਾਤੀ ਨਾਲ ਸੰਬੰਧਿਤ "ਕਰੇਲੇ" ਨੂੰ ਇਸ ਦੇ ਚਕਿਤਸਿਕ, ਪੌਸ਼ਟਿਕ ਅਤੇ ਹੋਰ ਸਿਹਤ ਸੰਬੰਧੀ ਲਾਭਾਂ ਦੇ ਕਾਰਨ ਜਾਣਿਆ ਜਾਂਦਾ ਹੈ। ਇਸ ਦੀ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮੰਗ ਹੋਣ ਕਾਰਨ ਕਰੇਲੇ ਦੀ ਖੇਤੀ ਕਾਫੀ ਸਫ਼ਲ ਮੰਨੀ ਗਈ ਹੈ।

Health Benefits of Bitter Gourd

ਖੂਨ ਦੀ ਅਨਿਯਮਿਤਤਾ ਨੂੰ ਰੋਕਣ, ਖੂਨ ਅਤੇ ਲੀਵਰ ਨੂੰ ਜ਼ਹਿਰ-ਮੁਕਤ ਕਰਨ, ਇਮਿਊਨ ਪ੍ਰਣਾਲੀ ਨੂੰ ਵਧਾਉਣ ਅਤੇ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ 'ਕਰੇਲਾ'। ਕਰੇਲੇ ਨੂੰ ਮੁੱਖ ਤੌਰ ਤੇ ਜੂਸ ਬਣਾਉਣ ਲਈ ਅਤੇ ਖਾਣਾ ਬਣਾਉਣ ਦੇ ਉਦੇਸ਼ ਲਈ ਪ੍ਰਯੋਗ ਕੀਤਾ ਜਾਂਦਾ ਹੈ। 'ਕਰੇਲੇ' ਨੂੰ ਵਿਟਾਮਿਨ ਬੀ1, ਬੀ2 ਅਤੇ ਬੀ3, ਬਿਟਾ ਕੇਰੋਟੀਨ, ਜ਼ਿੰਕ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਮੈਗਨੀਜ਼, ਫੋਲੇਟ ਅਤੇ ਕੈਲਸ਼ੀਅਮ ਦਾ ਉੱਚ ਸ੍ਰੋਤ ਮੰਨਿਆ ਗਿਆ ਹੈ। ਆਓ ਜਾਣੀਏ 'ਕਰੇਲੇ' ਦੇ ਲਾਭਾਂ ਬਾਰੇ।

ਚਮੜੀ ਰੋਗ ਕਰੇ ਠੀਕ:- ਕਿਸੇ ਨੂੰ ਫੋੜੇ ਫਿੰਸੀਆਂ, ਸਕਿਨ 'ਤੇ ਛੋਟੇ-ਛੋਟੇ ਦਾਣੇ, ਦਾਦ-ਖੁਜਲੀ ਦੀ ਸਮੱਸਿਆ ਦਰਪੇਸ਼ ਆਵੇ ਤਾਂ ਕਰੇਲਿਆਂ ਨੂੰ ਸੁਕਾ ਕੇ ਉਸ ਨੂੰ ਪੀਸ ਕੇ ਪਾਊਡਰ ਬਣਾਓ ਅਤੇ ਪੇਸਟ ਦੇ ਰੂਪ 'ਚ ਲਗਾਉਣ ਨਾਲ ਰਾਹਤ ਮਿਲਦੀ ਹੈ। ਪੁਰਾਣੇ ਲੋਕ ਚਮੜੀ ਦੀਆਂ ਸਮੱਸਿਆ ਵਾਸਤੇ ਕਰੇਲੇ ਅਤੇ ਨਿੰਮ ਦੀ ਵਰਤੋਂ ਕਰਦੇ ਰਹੇ ਹਨ।

ਭੁੱਖ ਵਧਾਉਣ ਲਈ ਲਾਭਦਾਇਕ:- ਕਰੇਲਾ ਪਾਚਣ ਕਿਰਿਆ ਦਰੁਸਤ ਕਰਨ ਵਾਸਤੇ ਅਹਿਮ ਰੋਲ ਅਦਾ ਕਰਦਾ ਹੈ, ਜੇਕਰ ਕਿਸੇ ਨੂੰ ਭੁੱਖ ਨਾ ਲੱਗੇ ਤਾਂ ਕਰੇਲੇ ਖਾਓ, ਚਪਾਤੀ/ਰੋਟੀ ਨਾਲ ਕਰੇਲਾ ਤਾਂ ਵੈਸੇ ਹੀ ਸੁਆਦਿਸ਼ਟ ਲੱਗਦਾ ਹੈ। ਕੋਸ਼ਿਸ਼ ਕਰੋ ਇੱਕ ਪਤਲੇ ਫੁਲਕੇ ਨਾਲ ਕਰੇਲਾ ਖਾਧਾ ਜਾਵੇ, ਭੁੱਖ ਨਾ ਲੱਗਣ ਦੀ ਸਮੱਸਿਆ ਘੱਟ ਜਾਵੇਗੀ।

ਮੂੰਹ ਦੇ ਛਾਲੇ ਹੁੰਦੇ ਦੂਰ:- ਮੂੰਹ 'ਚ ਛਾਲਿਆਂ ਹੋਣ ਤਾਂ ਕਰੇਲੇ ਦਾ ਜੂਸ ਪੀਓ ਜਾਂ ਕੁਰਲੀ ਕਰੋ , ਫ਼ਰਕ ਮਹਿਸੂਸ ਕਰੋਗੇ। ਬਜ਼ੁਰਗਾਂ ਕੋਲ ਵੀ ਇਹੀ ਲਾਭਦਾਇਕ ਇਲਾਜ ਸੁਣਨ ਨੂੰ ਮਿਲਦੇ ਹਨ। ਕਰੇਲੇ ਦੀ ਕੁੜੱਤਣ ਰੋਗਨਾਸ਼ਕ ਹੈ।

ਚਰਬੀ ਘਟਾਉਣ 'ਚ ਸਹਾਈ:- ਮੋਟਾਪੇ ਤੋੰ ਪਰੇਸ਼ਾਨ ਹੋ? ਸਰੀਰ ਤੇ ਚਰਬੀ ਚੜ੍ਹ ਗਈ ਹੈ ਤਾਂ ਕਰੇਲੇ ਦੀ ਸਬਜ਼ੀ, ਉਬਾਲੇ ਕਰੇਲੇ, ਕਰੇਲੇ ਦਾ ਜੂਸ ਪੀਓ, ਫ਼ਾਇਦਾ ਮਿਲੇਗਾ ਅਤੇ ਸਰੀਰ ਵੀ ਦਰੁਸਤ ਰਹੇਗਾ।

ਰੋਗ-ਪ੍ਰਤੀਰੋਧਕ ਸਮੱਸਿਆਵਾਂ ਤੋਂ ਛੁਟਕਾਰਾ:- ਕਰੇਲੇ ਅੰਦਰ ਮੌਜੂਦ ਤੱਤ ਰੋਗ-ਪ੍ਰਤੀਰੋਧਕ ਪਰੇਸ਼ਾਨੀਆਂ ਤੋਂ ਮੁਕਤੀ ਦਿਵਾਉਂਦਾ ਹੈ। ਕਰੇਲੇ ਨੂੰ ਪਾਣੀ 'ਚ ਉਬਾਲ ਕੇ ਪੀਣਾ ਚੰਗਾ ਹੁੰਦਾ ਹੈ। ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ਵਧਾਉਣ ਲਈ ਕਰੇਲਾ ਵਧੀਆ ਮੰਨਿਆ ਗਿਆ ਹੈ। ਇਨਫ਼ੈਕਸ਼ਨ ਹੋਵੇ ਤਾਂ ਕਰੇਲਾ ਖਾਓ, ਖੂਨ ਸਾਫ਼ ਕਰਨ ਦੇ ਨਾਲ ਸਰੀਰ ਨੂੰ ਤਾਕਤ ਪ੍ਰਦਾਨ ਕਰਦਾ ਹੈ ਕਰੇਲਾ।

ਵਾਲਾਂ ਵਾਸਤੇ ਗੁਣਕਾਰੀ:- ਵਾਲਾਂ 'ਚ ਸਿੱਕਰੀ ਆਦਿ ਹੈ ਤਾਂ ਕਰੇਲੇ ਦਾ ਰਸ ਵਾਲਾਂ ਤੇ ਲਗਾਓ, ਸਿੱਕਰੀ ਦੀ ਸਮੱਸਿਆ ਦੂਰ ਹੋਵੇਗੀ , ਨਾਲ ਹੀ ਵਾਲ ਬਹੁਤ ਚਮਕਦਾਰ ਬਣਨਗੇ।

ਜੇ ਕੁੜੱਤਣ ਹੈ ਕਰੇਲੇ 'ਚ ਕੁੱਟ-ਕੁੱਟ ਭਰੀ, ਰੋਗਾਂ ਤੋਂ ਵੀ ਕਰਦਾ ਫਰੀ, ਇਸ ਲਈ ਕਰੇਲਾ ਖਾਂਦੇ ਰਹੋ, ਇਹ ਕੁੜੱਤਣ ਵੀ ਮਿੱਠੀ-ਮਿੱਠੀ ਜਾਪੇਗੀ ਜਦੋਂ ਸਰੀਰ ਤੰਦਰੁਸਤ ਅਤੇ ਦਿਮਾਗ਼ ਦਰੁਸਤ ਰਹੇਗਾ।

Related Post