ਕੰਡੋਮ ਬਣਾਉਣ ਵਾਲੀ ਕੰਪਨੀ ਕੋਵਿਡ-19 ਦੀ ਜੰਗ ਲਈ ਤਿਆਰ , ਬਣਾਵੇਗੀ ਟੈਸਟ-ਕਿੱਟਾਂ

By  Kaveri Joshi April 11th 2020 02:07 PM

ਕੋਰੋਨਾਵਾਇਰਸ - ਕੰਡੋਮ ਬਣਾਉਣ ਵਾਲੀ ਕੰਪਨੀ ਕੋਵਿਡ-19 ਦੀ ਜੰਗ ਲਈ ਤਿਆਰ , ਬਣਾਵੇਗੀ ਟੈਸਟ-ਕਿੱਟਾਂ: ਕੋਵਿਡ19 ਦੇ ਕੇਸਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ । ਰੋਜ਼ਾਨਾ ਨਵੇਂ ਸ਼ੱਕੀ ਮਰੀਜ਼ਾਂ ਦੇ ਕੇਸ ਵੀ ਸਾਹਮਣੇ ਆ ਰਹੇ ਹਨ , ਜਿਸਦੇ ਚਲਦੇ ਲੋਕਾਂ ਦੇ ਕੋਰੋਨਾਵਾਇਰਸ ਦੇ ਟੈਸਟ ਹੋਣੇ ਲਾਜ਼ਮੀ ਹਨ। ਇਸਨੂੰ ਦੇਖਦੇ ਹੋਏ ਸਰਕਾਰ ਵਲੋਂ ਵੱਧ ਤੋਂ ਵੱਧ ਟੈਸਟ ਮੁਮਕਿਨ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੇਸ਼ 'ਚ ਟੈਸਟ-ਕਿੱਟਾਂ ਦੀ ਥੁੜ ਹੋਣ ਕਾਰਨ ਕੰਡੋਮ ਬਣਾਉਣ ਵਾਲੀ ਇਕ ਸਰਕਾਰੀ ਕੰਪਨੀ ਹਿੰਦੁਸਤਾਨ ਲੈਟੇਕਸ ਲਿਮਟਿਡ (ਐਚਐਲਐਲ) ਨਾਮਕ ਕੰਪਨੀ ਨੂੰ ਟੈਸਟ-ਕਿੱਟਾਂ ਦੇ ਨਿਰਮਾਣ ਕਰਨ ਦਾ ਟੀਚਾ ਦਿੱਤਾ ਗਿਆ ਹੈ ।

 

 

ਕਦੋਂ ਹੋਏਗੀ ਸ਼ੁਰੂਆਤ :-

 

ਦੱਸ ਦੇਈਏ ਕਿ ਸੋਮਵਾਰ ਨੂੰ ਕੰਪਨੀ ਵਲੋਂ ਕੋਵਿਡ-19 ਟੈਸਟ-ਕਿੱਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ । ਐਚਐਲਐਲ ਨਾਮਕ ਕੰਪਨੀ ਤਕਰੀਬਨ 2 ਲੱਖ ਕਿੱਟਾਂ ਬਣਾਏਗੀ ਅਤੇ ਸਰਕਾਰ ਵਲੋਂ ਮਿਲੇ ਆਰਡਰ ਨੂੰ ਜਲਦ ਮੁਕੰਮਲ ਕਰਨ ਦੇ ਟੀਚੇ ਨੂੰ ਮੁੱਖ ਰੱਖਦਿਆਂ ਕੰਪਨੀ ਰੋਜ਼ 20 ਹਜ਼ਾਰ ਕਿੱਟਾਂ ਤਿਆਰ ਕਰੇਗੀ । ਕੰਪਨੀ ਵੱਲੋਂ 10 ਦਿਨਾਂ 'ਚ ਕਿੱਟਾਂ ਬਣਾਉਣ ਦਾ ਕੰਮ ਨੇਪਰੇ ਚਾੜ੍ਹਿਆ ਜਾਵੇਗਾ ।

 

 

ਕਿਸ ਬ੍ਰੈਂਡ ਦੇ ਬਣਾਉਂਦੀ ਰਹੀ ਕੰਡੋਮ :-

 

1966 'ਚ ਸਥਾਪਿਤ ਹੋਈ ਦੇਸ਼ ਦਾ ਪਹਿਲਾ ਕੰਡੋਮ ਬਣਾਉਣ ਵਾਲੀ ਸਰਕਾਰੀ ਕੰਪਨੀ ਐਚਐਲਐਲ ਯਾਨੀ ਕਿ ਹਿੰਦੁਸਤਾਨ ਲੈਟੇਕਸ ਲਿਮਟਿਡ ਨੂੰ ਹੋਂਦ 'ਚ ਆਇਆਂ 50 ਸਾਲ ਤੋਂ ਵੀ ਉੱਪਰ ਹੋ ਗਏ ਹਨ । ਕੰਡੋਮ ਬਣਾਉਣ ਦੇ ਨਾਲ-ਨਾਲ 'ਸੈੱਕਸ਼ੂਅਲ ਵੈਲਨੈੱਸ' ਦੇ ਲਈ ਆਪਣੇ ਕਈ ਉਤਪਾਦ ਮਾਰਕਿੱਟ 'ਚ ਉਤਾਰਨ ਵਾਲੀ ਇਹ ਕੰਪਨੀ ' ਨਿਰੋਧ' ਬਰੈਂਡ ਤੋਂ ਕਿਤੇ ਅਗਾਂਹ ਨਿਕਲ ਚੁੱਕੀ ਹੈ । ਇਸੇ ਕੰਪਨੀ ਨੇ 'ਨਿਰੋਧ' ਬਣਾਇਆ ਸੀ , ਜੋ ਕਿ ਭਾਰਤ 'ਚ ਪਰਿਵਾਰ ਨਿਯੋਜਨ ਅਭਿਆਨ ਲਈ ਕਾਰਗਰ ਰਿਹਾ ।

 

 

 

ਨਤੀਜੇ ਆਉਣਗੇ ਜਲਦੀ- ਕਿੰਨੀ ਹੈ ਕੀਮਤ :-

 

ਐੱਚਐੱਲਐੱਲ ਦੇ ਸੂਤਰਾਂ ਮੁਤਾਬਕ ਕੋਰੋਨਾਵਾਇਰਸ ਦੀ ਟੈਸਟ-ਕਿੱਟ 15-20 ਮਿੰਟਾਂ 'ਚ ਆਪਣੇ ਨਤੀਜੇ ਤੁਹਾਡੇ ਸਾਹਮਣੇ ਲਿਆਵੇਗੀ, ਜਿਸ ਨਾਲ ਕੋਵਿਡ-19 ਦੀ ਲੜਾਈ 'ਚ ਸਹਿਯੋਗ ਮਿਲੇਗਾ । ਜਿਥੋਂ ਤੱਕ ਇਸ ਨਵੀਂ ਟੈਸਟ ਕਿੱਟ ਦੀ ਕੀਮਤ ਦਾ ਸਵਾਲ ਹੈ ਤਾਂ ਇਹ ਕਿਫ਼ਾਇਤੀ ਰੇਟਾਂ 'ਚ ਉਪਲੱਬਧ ਹੋਵੇਗੀ । ਹਿੰਦੁਸਤਾਨ ਲੈਟੇਕਸ ਲਿਮਟਿਡ ਵੱਲੋਂ ਇਸ ਦੀ ਕੀਮਤ ਬਜ਼ਾਰੀ ਰੇਟ ਨਾਲੋਂ ਕਾਫ਼ੀ ਘੱਟ ਕੀਮਤ ਯਾਨੀ ਕਿ 700-800 ਦੀ ਬਜਾਏ 350-400 ਰੱਖੇ ਜਾਣ ਦਾ ਅਨੁਮਾਨ ਹੈ ।

 

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨ ਪਹਿਲਾਂ ਸਰਕਾਰੀ ਮਾਲਕੀਅਤ ਵਾਲੀ ਐਚਐਲਐਲ ਲਾਈਫ਼ਕੇਅਰ ਲਿਮਟਿਡ ਨੇ ਕੋਵਿਡ -19 ਵਿਰੁੱਧ ਲੜਾਈ ਦੀ 'ਚ ਪਹਿਲੀ ਲਾਈਨ 'ਤੇ ਸਿਹਤ ਸੰਭਾਲ ਕਰਮਚਾਰੀਆਂ ਲਈ ਪੀਪੀਈ ਦੀ ਮੰਗ ਕਰਨ ਲਈ ਇੱਕ ਵਿਸ਼ਵਵਿਆਪੀ ਟੈਂਡਰ ਜਾਰੀ ਕੀਤਾ ਸੀ।

 

 

ਜ਼ਿਕਰਯੋਗ ਹੈ ਕਿ ਭਾਰਤ ਵਿਚ ਕਵਰੇਜ, ਮਾਸਕ, ਦਸਤਾਨੇ ਅਤੇ ਹੋਰ ਚੀਜ਼ਾਂ ਦੀ ਘਾਟ ਹੈ, ਜਿਵੇਂ ਕਿ ਦੂਸਰੇ ਦੇਸ਼ਾਂ 'ਚ ਵੀ ਹੈ । ਭਾਰਤ 'ਚ ਟੈਸਟ-ਕਿੱਟਾਂ ਦੀ ਘਾਟ ਨੂੰ ਦੇਖਦੇ ਹੋਏ ਪਿਛਲੇ ਦਿਨੀਂ ਚੀਨ ਨੂੰ ਵੀ ਆਰਡਰ ਦਿੱਤਾ ਗਿਆ ਹੈ , ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਭਾਰਤ ਕੋਲ ਕੋਰੋਨਾਵਾਇਰਸ ਦੇ ਟੈਸਟ ਵਾਸਤੇ ਕਾਫ਼ੀ ਗਿਣਤੀ 'ਚ ਟੈਸਟ-ਕਿੱਟਾਂ ਮੌਜੂਦ ਹੋਣਗੀਆਂ ।

Related Post