ਨਾਜਾਇਜ਼ ਸੰਬੰਧਾਂ ਦਾ ਸ਼ੱਕ, ਕੋਰੋਨਾ ਵੈਕਸੀਨ ਕਹਿ ਕੇ 4 ਜਣਿਆਂ ਨੂੰ ਲਗਵਾਇਆ ਜ਼ਹਿਰੀਲਾ ਟੀਕਾ

By  Panesar Harinder May 21st 2020 04:54 PM

ਨਵੀਂ ਦਿੱਲੀ - ਸ਼ੱਕ ਦੀ ਸਿਓਂਕ ਕਿਵੇਂ ਪਰਿਵਾਰਕ ਸੰਬੰਧਾਂ ਨੂੰ ਖੋਖਲਾ ਕਰ ਦਿੰਦੀ ਹੈ ਤੇ ਕਿੱਥੋਂ ਤੱਕ ਜਾਨਲੇਵਾ ਸਾਬਤ ਹੁੰਦੀ ਹੈ, ਇਸ ਦਾ ਸਬੂਤ ਰਾਜਧਾਨੀ ਦਿੱਲੀ ਤੋਂ ਆਈ ਇੱਕ ਖ਼ਬਰ ਨੇ ਦਿੱਤਾ ਹੈ, ਜਿੱਥੇ ਪਤਨੀ ਦੇ ਕਿਸੇ ਹੋਰ ਨਾਲ ਸੰਬੰਧ ਹੋਣ ਦੇ ਸ਼ੱਕ ਵਿੱਚ ਪੇਸ਼ੇ ਵਜੋਂ ਵਪਾਰੀ ਪਤੀ ਨੇ ਡੂੰਘੀ ਸਾਜ਼ਿਸ਼ ਰਚ ਕੇ ਚਾਰ ਲੋਕਾਂ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਸਨਸਨੀਖੇਜ਼ ਵਾਕਿਆ ਵਿੱਚ ਪਤੀ ਨੇ ਸਾਜ਼ਿਸ਼ ਰਚਦੇ ਹੋਏ ਬੰਦੂਕ ਜਾਂ ਗੋਲ਼ੀਆਂ ਨਹੀਂ ਬਲਕਿ ਮੌਜੂਦਾ ਦੌਰ ਦੀ ਸਭ ਤੋਂ ਵੱਡੀ ਬਿਮਾਰੀ, ਕੋਰੋਨਾ ਮਹਾਮਾਰੀ ਦਾ ਸਹਾਰਾ ਲਿਆ। ਸਾਜ਼ਿਸ਼ਕਰਤਾ ਪਤੀ ਨੇ ਜਾਅਲੀ ਕੋਰੋਨਾ ਵੈਕਸੀਨ ਦਾ ਸਹਾਰਾ ਲਿਆ ਤੇ ਪਤਨੀ ਦੇ ਕਥਿਤ ਪ੍ਰੇਮੀ ਸਮੇਤ ਚਾਰ ਜਣਿਆਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾਈ।

ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਬਾਹਰੀ ਦਿੱਲੀ ਦੇ ਰਹਿਣ ਵਾਲੇ ਇਸ ਵਿਅਕਤੀ ਨੂੰ ਸ਼ੱਕ ਹੋ ਗਿਆ ਕਿ ਉਸ ਦੀ ਪਤਨੀ ਦੇ ਹੋਮਗਾਰਡ ਵਿੱਚ ਨੌਕਰੀ ਕਰਦੇ ਕਿਸੇ ਵਿਅਕਤੀ ਨਾਲ ਸੰਬੰਧ ਹਨ। ਉਸ ਨੇ ਆਪਣੀ ਪਤਨੀ ਦੇ ਕਥਿਤ ਪ੍ਰੇਮੀ ਨੂੰ ਪਰਿਵਾਰ ਸਮੇਤ ਖ਼ਤਮ ਕਰਨ ਦੀ ਯੋਜਨਾ ਬਣਾਈ। ਉਸ ਨੇ ਕਥਿਤ ਪ੍ਰੇਮੀ ਤੇ ਉਸ ਦੇ ਪਰਿਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕੇ ਦਾ ਹਵਾਲਾ ਦੇ ਕੇ ਜ਼ਹਿਰ ਦੇ ਦਿੱਤਾ।

ਇਸ ਕੰਮ ਨੂੰ ਪੂਰਾ ਕਰਨ ਲਈ ਉਸ ਨੇ ਦੋ ਔਰਤਾਂ ਨੂੰ ਨਾਲ ਸ਼ਾਮਲ ਕਰ ਲਿਆ ਅਤੇ ਇਸ ਸਾਜ਼ਿਸ਼ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਉਸ ਨੇ ਦੋਵੇਂ ਔਰਤਾਂ ਨੂੰ ਮੋਟੀ ਰਕਮ ਵੀ ਦਿੱਤੀ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਦੋਵਾਂ ਔਰਤਾਂ ਨੇ ਜਾਅਲੀ ਸਿਹਤਕਰਮੀ ਬਣ ਕੇ ਹੋਮਗਾਰਡ ਦੇ ਜਵਾਨ ਤੇ ਉਸ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਜ਼ਹਿਰ ਵਾਲਾ ਟੀਕਾ ਲਾ ਦਿੱਤਾ। ਟੀਕੇ ਮਗਰੋਂ ਸਾਰਿਆਂ ਦੀ ਹਾਲਤ ਖ਼ਰਾਬ ਹੋਣ ਲੱਗੀ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਜਾਂਚ ਕਰਨ 'ਤੇ ਇਸ ਗੱਲ ਦਾ ਖੁਲਾਸਾ ਹੋਇਆ ਕਿ ਉਨ੍ਹਾਂ ਨੂੰ ਜ਼ਹਿਰ ਦਿੱਤੀ ਗਈ ਹੈ। ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਟੀਕਾਕਰਨ ਕਰਨ ਵਾਲੀਆਂ ਦੋਵੇਂ ਜਾਅਲੀ ਸਿਹਤ ਕਰਮੀ ਔਰਤਾਂ ਤੇ ਉਨ੍ਹਾਂ ਨੂੰ ਪੈਸੇ ਦੇਣ ਵਾਲੇ ਮਹਿਲਾ ਦੇ ਸ਼ੱਕੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤ ਪਰਿਵਾਰ ਫ਼ਿਲਹਾਲ ਜ਼ੇਰੇ ਇਲਾਜ ਹੈ ਪਰ ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਹੁਣ ਤੱਕ ਪੱਕੇ ਇਲਾਜ ਦੀ ਖੋਜ ਨਾ ਹੋਣ ਕਾਰਨ ਕੋਰੋਨਾ ਨੂੰ ਲੈ ਕੇ ਹਰ ਪਾਸੇ ਡਰ ਬਰਕਰਾਰ ਹੈ, ਅਤੇ ਅਜਿਹੇ ਵਿੱਚ ਕੋਰੋਨਾ ਦੇ ਸਹਾਰੇ ਰੰਜਿਸ਼ਾਂ ਪੁਗਾਉਣ ਦੀਆਂ ਖ਼ਬਰਾਂ ਲੋਕਾਂ ਦੇ ਮਨੋਬਲ ਨੂੰ ਹੋਰ ਠੇਸ ਮਾਰਦੀਆਂ ਹਨ।

Related Post