ਸਰਕਾਰ ਬਣਨ 'ਤੇ ਪ੍ਰਵਾਸੀ ਭਾਈਚਾਰੇ ਨੂੰ ਪੂਰਾ ਮਾਣ ਸਤਿਕਾਰ ਦਿਆਂਗੇ : ਸੁਖਬੀਰ ਸਿੰਘ ਬਾਦਲ

By  Shanker Badra October 30th 2021 07:37 PM

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਲੁਧਿਆਣਾ ਦੇ ਵੱਡੇ ਪ੍ਰਵਾਸੀ ਭਾਈਚਾਰੇ ਦੇ ਆਗੂ ਡਾ. ਪੀ.ਡੀ. ਯਾਦਵ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਸੀਨੀਅਰ ਆਗੂ ਕਮਲ ਚੇਤਲੀ ਵੀ ਹਾਜ਼ਰ ਸਨ।

ਇਸ ਮੌਕੇ ਡਾ. ਯਾਦਵ ਨੁੰ ਪਾਰਟੀ ਵਿਚ ਸ਼ਾਮਲ ਕਰਨ ਮੌਕੇ ਜੀ ਆਇਆਂ ਕਹਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਨੂੰ ਅਕਾਲੀ ਦਲ ਵਿਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਵੀ ਪ੍ਰਵਾਸੀ ਭਾਈਚਾਰੇ ਦੀ ਬੇਹਤਰੀ ਵਾਸਤੇ ਵਿਸ਼ੇਸ਼ ਬੋਰਡ ਦਾ ਗਠਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਹੁਣ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ 'ਤੇ ਪੰਜਾਬ ਵਿਚ ਵਸਦੇ ਪ੍ਰਵਾਸੀ ਭਾਈਚਾਰੇ ਦੀ ਤਰੱਕੀ ਤੇ ਵਿਕਾਸ ਵਾਸਤੇ ਵਿਸ਼ੇਸ਼ ਨੀਤੀਆਂ ਘੜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਪ੍ਰਵਾਸੀ ਭਾਈਚਾਰਾ ਪੰਜਾਬ ਦਾ ਅਨਿੱਖੜਵਾਂ ਹਿੱਸਾ ਹੈ ਤੇ ਉਹਨਾਂ ਵਾਸਤੇ ਅਕਾਲੀ ਦਲ ਹਮੇਸ਼ਾ ਡਟਿਆ ਹੈ ਅਤੇ ਡਟਦਾ ਰਹੇਗਾ।

ਸਰਦਾਰ ਬਾਦਲ ਨੇ ਦੱਸਿਆ ਕਿ ਡਾ. ਯਾਦਵ ਇਕ ਪੜ੍ਹੇ ਲਿਖੇ ਵਿਅਕਤੀ ਹਨ ,ਜਿਹਨਾਂ ਨੇ ਲੁਧਿਆਣਾ ਵਿਚ ਆਪਣੀ ਸਨਅੱਤ ਖੋਲ੍ਹ ਕੇ ਬਹੁਤ ਮਿਹਨਤ ਨਾਲ ਤਰੱਕੀ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਪ੍ਰਵਾਸੀ ਭਾਈਚਾਰੇ ਵਿਚ ਡਾ. ਯਾਦਵ ਦਾ ਚੰਗਾ ਅਸਰ ਰਸੂਖ ਹੈ ਤੇ ਉਹਨਾਂ ਹਮੇਸ਼ਾ ਨਿਸ਼ਕਾਮ ਹੋ ਕੇ ਆਪਣੇ ਸਮਾਜ ਦੀ ਸੇਵਾ ਕੀਤੀ ਹੈ।

ਦੱਸਣਯੋਗ ਹੈ ਕਿ ਡਾ. ਪੀ ਡੀ ਯਾਦਵ ਭਾਜਪਾ ਦੇ ਜਨਰਲ ਸਕੱਤਰ ਰਹੇ ਹਨ। ਉਹਨਾਂ ਨੇ ਹਮੇਸ਼ਾ ਪਾਰਟੀ ਦੇ ਪ੍ਰੋਗਰਾਮਾਂ ਦੀ ਸਫਲਤਾ ਵਾਸਤੇ ਵੱਧ ਚੜ੍ਹ ਕੇ ਮਿਹਨਤ ਕੀਤੀ ਪਰ ਉਹਨਾਂ ਨੁੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ।

ਇਸ ਮੌਕੇ ਡਾ.ਯਾਦਵ ਨੇ ਕਿਹਾ ਕਿ ਪ੍ਰਵਾਸੀ ਭਾਈਚਾਰਾ ਅੱਜ ਇਹ ਮਹਿਸੂਸ ਕਰਦਾ ਹੈ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਜਿਹੜੀ ਹਰ ਵਰਗ ਦਾ ਧਿਆਨ ਰੱਖਦੀ ਹੈ, ਜਿਹਨਾਂ ਵਿਚ ਗਰੀਬ ਤੇ ਪ੍ਰਵਾਸੀ ਭਾਈਚਾਰਾ ਵੀ ਸ਼ਾਮਲ ਹੈ। ਉਹਨਾਂ ਐਲਾਨ ਕੀਤਾ ਕਿ 2022 ਦੀਆਂ ਚੋਣਾਂ ਵਿਚ ਪ੍ਰਵਾਸੀ ਭਾਈਚਾਰਾ ਅਕਾਲੀ ਦਲ ਦੀ ਡਟਵੀਂ ਹਮਾਇਤ ਕਰੇਗਾ ਤੇ ਸਮੁੱਚੇ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਉਮੀਦਵਾਰ ਜੇਤੂ ਬਣਾਏ ਜਾਣਗੇ। ਇਸ ਮੌਕੇ ਡਾ. ਯਾਦਵ ਦੇ ਨਾਲ ਰਾਮ ਅਸੀਸ ਯਾਦਵ, ਮੁਹੰਮਦ ਤਾਰੀਫ, ਕੇ ਆਰ ਯਾਦਵ, ਚੰਦਰਜੀਤ ਯਾਦਵ, ਰਾਜੇਸ਼ ਯਾਦਵ, ਰਮਾ ਕਾਂਤ ਗੁਪਤਾ, ਲੱਕੀ ਤੇ ਸ੍ਰੀਕਾਂਤ ਤੇ ਹੋਰ ਆਗੂ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ।

-PTCNews

Related Post