Ludhiana News : ਸਕੂਲ ਦੀ ਅਲਾਟਮੈਂਟ ਸਬੰਧੀ ਧੋਖਾਧੜੀ ਮਾਮਲੇ 'ਚ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਤੋਂ 11 ਜੂਨ ਤੱਕ ਮਿਲੀ ਅਗਾਊਂ ਜ਼ਮਾਨਤ
Ludhiana News : ਲੁਧਿਆਣਾ ਦੇ ਸਰਾਭਾ ਨਗਰ ਵਿੱਚ ਸਕੂਲ ਦੀ ਅਲਾਟਮੈਂਟ ਸਬੰਧੀ ਧੋਖਾਧੜੀ ਦੇ ਮਾਮਲੇ ਵਿਚ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਵਲੋਂ 11 ਜੂਨ ਤੱਕ ਅਗਾਊਂ ਜ਼ਮਾਨਤ ਦੇ ਦਿੱਤੀ ਹੈ ਅਤੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਅਦਾਲਤ ਵਿਚ ਰਿਕਾਰਡ ਪੇਸ਼ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਵਿਜੀਲੈਂਸ ਬਿਊਰੋ ਵਲੋਂ ਇਸ ਮਾਮਲੇ ਵਿਚ ਬੀਤੀ ਸ਼ਾਮ ਹੀ ਆਸ਼ੂ ਨੂੰ ਅੱਜ ਲਈ ਤਲਬ ਕੀਤਾ ਸੀ ਪਰ ਬਾਅਦ ਵਿਚ ਵਿਜੀਲੈਂਸ ਬਿਊਰੋ ਦੇ ਐਸ.ਐਸ.ਪੀ. ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ।
ਦਰਅਸਲ 'ਚ ਭਾਰਤ ਭੂਸ਼ਣ ਆਸ਼ੂ ਨੂੰ ਪੁੱਛਗਿੱਛ ਲਈ ਸੰਮਨ ਭੇਜਣ ਵਾਲੇ ਵਿਜੀਲੈਂਸ ਦੇ ਐਸਐਸਪੀ ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਐਸਐਸਪੀ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਸਿੱਧੀ ਗੱਲਬਾਤ ਹੋ ਰਹੀ ਸੀ। ਆਸ਼ੂ ਨੂੰ ਸਰਾਭਾ ਨਗਰ ਵਿੱਚ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਨਾਲ ਸਬੰਧਤ 2400 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਸੰਮਨ ਭੇਜੇ ਗਏ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਭਾਰਤ ਭੂਸ਼ਣ ਆਸ਼ੂ ਨੂੰ ਵਿਜਲੈਂਸ ਬਿਊਰੋ ਨੇ ਨਿਊ ਹਾਈ ਸਕੂਲ ਦੇ ਘਪਲੇ ’ਚ ਜਿਹੜੇ ਸੰਮਨ ਭੇਜੇ ਸਨ, ਉਹ ਵਿਜੀਲੈਂਸ ਦੇ ਐਸਐਸਪੀ ਨੇ ਖੁਦ ਆਪਣੇ ਪੱਧਰ ’ਤੇ ਹੀ ਭੇਜੇ ਸਨ।
ਸੂਤਰਾਂ ਮੁਤਾਬ ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਵੀ ਦੋਵਾਂ ਵਿਚਾਲੇ ਇੱਕ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਸਰਕਾਰ ਨੂੰ ਖ਼ੁਫੀਆ ਤੰਤਰ ਰਾਹੀਂ ਜਾਣਕਾਰੀ ਮਿਲੀ ਸੀ ਕਿ ਐਸਐਸਪੀ ਨੇ ਬੀਤੇ ਦਿਨੀਂ ਆਸ਼ੂ ਨਾਲ ਗੁਪਤ ਮੀਟਿੰਗ ਵੀ ਕੀਤੀ ਹੈ ਤੇ ਉਨ੍ਹਾਂ ਨੂੰ ਜ਼ਿਮਨੀ ਚੋਣ ਵਿੱਚ ਸਿੱਧੇ ਤੌਰ ’ਤੇ ਫਾਇਦਾ ਪਹੁੰਚਾਉਣ ਲਈ ਇਹ ਸੰਮਨ ਜਾਰੀ ਕੀਤੇ ਸਨ। ਫਿਲਹਾਲ ਸਰਕਾਰ ਨੇ ਐਸਐਸਪੀ ਜਗਤਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।
8 ਜਨਵਰੀ 2025 ਦਾ ਮਾਮਲਾ
ਦੱਸ ਦੇਈਏ ਕਿ ਇਹ ਮਾਮਲਾ 8 ਜਨਵਰੀ 2025 ਦਾ ਹੈ। ਇਹ ਮਾਮਲਾ ਲੁਧਿਆਣਾ ਇੰਪਰੂਵਮੈਂਟ ਟਰੱਸਟ ਵੱਲੋਂ ਦਹਾਕੇ ਪਹਿਲਾਂ ਸਰਾਭਾ ਨਗਰ ਵਿੱਚ ਨਵੇਂ ਸੀਨੀਅਰ ਸੈਕੰਡਰੀ ਸਕੂਲ ਨੂੰ ਚਲਾਉਣ ਲਈ ਅਲਾਟ ਕੀਤੀ ਗਈ 4.7 ਏਕੜ ਜ਼ਮੀਨ ਦੇ ਆਲੇ-ਦੁਆਲੇ ਘੁੰਮਦਾ ਹੈ। ਇਹ ਜ਼ਮੀਨ ਸਿਰਫ਼ ਵਿਦਿਅਕ ਉਦੇਸ਼ਾਂ ਲਈ ਰਿਆਇਤੀ ਦਰ 'ਤੇ ਦਿੱਤੀ ਗਈ ਸੀ। ਹਾਲਾਂਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਜ਼ਮੀਨ ਦੇ ਕੁਝ ਹਿੱਸਿਆਂ ਨੂੰ ਵਪਾਰਕ ਗਤੀਵਿਧੀਆਂ ਲਈ ਗੈਰ-ਕਾਨੂੰਨੀ ਤੌਰ 'ਤੇ ਵਰਤਿਆ ਜਾ ਰਿਹਾ ਸੀ।
ਇਸ ਇਮਾਰਤ ਵਿੱਚ ਕਈ ਨਿੱਜੀ ਪਲੇਵੇ ਸਕੂਲ ਅਤੇ ਕਾਰੋਬਾਰ ਚੱਲ ਰਹੇ ਹਨ, ਸਕੂਲ ਪ੍ਰਬੰਧਨ ਕਥਿਤ ਤੌਰ 'ਤੇ ਭਾਰੀ ਕਿਰਾਇਆ ਵਸੂਲ ਰਿਹਾ ਹੈ, ਜੋ ਕਿ 2,400 ਕਰੋੜ ਰੁਪਏ ਦੀ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਇੱਕ ਗੰਭੀਰ ਉਲੰਘਣਾ ਹੈ। ਲੁਧਿਆਣਾ ਇੰਪਰੂਵਮੈਂਟ ਟਰੱਸਟ (LIT) ਦੇ ਚੇਅਰਮੈਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਸਾਲ 8 ਜਨਵਰੀ ਨੂੰ ਸਕੂਲ ਵਿਰੁੱਧ ਐਫਆਈਆਰ ਦਰਜ ਕਰ ਲਈ ਸੀ। ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਦੌਰਾਨ ਕਥਿਤ ਵਿੱਤੀ ਬੇਨਿਯਮੀਆਂ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ।
- PTC NEWS