ਕੁਦਰਤ ਦਾ ਕਮਾਲ-ਗੁਰਦਾਸਪੁਰ 'ਚ ਮਾਂ ਨੇ ਇੱਕੋ ਸਮੇਂ ਦਿੱਤਾ ਚਾਰ ਬੱਚਿਆਂ ਨੂੰ ਜਨਮ

By  Riya Bawa September 17th 2021 09:17 PM -- Updated: September 17th 2021 09:32 PM

ਗੁਰਦਾਸਪੁਰ: ਕਹਿੰਦੇ ਹਨ ਕਿ ਜਦੋਂ ਕੁਦਰਤ ਕਿਸੇ ਤੇ ਮਿਹਰਬਾਨ ਹੁੰਦੀ ਹੈ ਤਾਂ ਉਸ ਨੂੰ ਮਾਲਾ ਮਾਲ ਕਰ ਦਿੰਦੀ ਹੈ, ਕੁਦਰਤ ਦਾ ਅਨੋਖਾ ਰੂਪ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਥਰੀਏਵਾਲ ਵਿਚ ਉਦੋਂ ਵੇਖਣ ਨੂੰ ਮਿਲਿਆ ਜਦ ਇਕ ਮਹਿਲਾ ਨੇ ਇਕੋ ਸਮੇਂ 4 ਬੱਚਿਆਂ ਨੂੰ ਜਨਮ ਦਿੱਤਾ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ। ਉਕਤ ਮਾਂ ਅਤੇ ਬੱਚੇ ਡਾਕਟਰਾਂ ਵੱਲੋਂ ਕੀਤੀ ਕਰੀਬ ਇਕ ਮਹੀਨੇ ਦੀ ਲੰਮੀ ਜੱਦੋ ਜਹਿਦ ਦੇ ਬਾਅਦ ਹੁਣ ਠੀਕ ਹੋਏ ਹਨ। ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਦਾ ਨਾਂ ਪ੍ਰਭਜੋਤ ਕੌਰ ਹੈ, ਜਿਸ ਦੀ ਸਿਹਤ ਹੁਣ ਠੀਕ ਹੈ।

ਬੱਚਿਆਂ ਨੂੰ ਅੱਜ ਡਾ. ਗੁਰਖੇਲ ਸਿੰਘ ਕਲਸੀ ਹਸਪਤਾਲ ਗੁਰਦਾਸਪੁਰ ਤੋਂ ਘਰ ਭੇਜ ਦਿੱਤਾ ਗਿਆ ਹੈ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਡਾਕਟਰਾਂ ਦੀ ਟੀਮ ਅਤੇ ਪ੍ਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ਬਟਾਲਾ ਦੇ ਪਿੰਡ ਤਰਿਏਵਾਲ ਦੀ ਪ੍ਰਭਜੋਤ ਕੌਰ ਨੇ 7ਵੇਂ ਮਹੀਨੇ ਵਿੱਚ ਇਕੱਠੇ 4 ਬੱਚੀਆਂ ਨੂੰ ਜਨਮ ਦਿੱਤਾ। ਮਾਂ ਅਤੇ ਚਾਰੇ ਬੱਚੇ ਤੰਦੁਰੁਸਤ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲਸੀ ਹਸਪਤਾਲ ਗੁਰਦਾਸਪੁਰ ਦੇ ਸੀਨੀਅਰ ਡਾ. ਗੁਰਖੇਲ ਸਿੰਘ ਕਲਸੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਥਰੀਏਵਾਲ ਦੀ ਇੱਕ ਮਹਿਲਾ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ।

ਡਾ. ਕਲਸੀ ਨੇ ਦੱਸਿਆ ਕਿ 15 ਅਗਸਤ ਨੂੰ ਇਨ੍ਹਾਂ ਚਾਰਾਂ ਬੱਚਿਆਂ ਨੂੰ ਉਨ੍ਹਾਂ ਦੇ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ ਇਨ੍ਹਾਂ ਬੱਚਿਆਂ ਦਾ ਜਨਮ 9 ਮਹੀਨਿਆਂ ਦੇ ਗਰਭ ਦੀ ਬਜਾਏ 7 ਮਹੀਨੇ ਬਾਅਦ ਹੀ ਹੋ ਗਿਆ ਸੀ। ਜਿਸ ਕਾਰਨ ਬੱਚਿਆਂ ਦਾ ਭਾਰ 700 ਗਰਾਮ ਤੋਂ 1100 ਗ੍ਰਾਮ ਤੱਕ ਸੀ ਬੱਚਿਆਂ ਦੀ ਸਿਹਤ ਕਾਫ਼ੀ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ

ਜਿਸ ਦੌਰਾਨ ਬੱਚਿਆਂ ਨੂੰ ਕਾਫ਼ੀ ਸਮਾਂ ਸਾਹ ਵਾਲੀ ਮਸ਼ੀਨ ਤੇ ਵੀ ਰੱਖਣਾ ਪਿਆ ਅਤੇ ਉਨ੍ਹਾਂ ਨੂੰ ਖ਼ੂਨ ਵੀ ਚੜਾਉਣਾ ਪਿਆ ਸੀ। ਇਸ ਮੌਕੇ ਬੱਚਿਆਂ ਦੇ ਮਾਤਾ ਪ੍ਰਭਜੋਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਬੜਾ ਚਾਅ ਹੈ ਕਿ ਘਰ 'ਚ ਚਾਰ ਬੱਚੇ ਆਏ ਹਨ ਅਤੇ ਉਹ ਪੂਰਾ ਪਰਿਵਾਰ ਇਹਨਾਂ ਦੀ ਦੇਖਭਾਲ ਕਰ ਰਿਹਾ ਹੈ।

-PTC News

Related Post