ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 14,821 ਨਵੇਂ ਮਾਮਲੇ ਆਏ ਸਾਹਮਣੇ, 445 ਮੌਤਾਂ

By  Shanker Badra June 22nd 2020 12:43 PM

ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 14,821 ਨਵੇਂ ਮਾਮਲੇ ਆਏ ਸਾਹਮਣੇ, 445 ਮੌਤਾਂ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪਸਾਰ ਦੌਰਾਨ ਹਰ ਦੇਸ਼ ਨੇ ਲੌਕਡਾਊਨ ਲਾਗੂ ਕਰਕੇ ਇਸ ਦੇ ਤੇਜ਼ੀ ਨਾਲ ਵਧਣ 'ਤੇ ਰੋਕ ਲਾਉਣ ਦੇ ਯਤਨ ਕੀਤੇ ਸਨ ਪਰ ਕੁਝ ਸਮੇਂ ਬਾਅਦ ਹੀ ਦੇਸ਼ਾਂ ਵੱਲੋਂ ਲੌਕਡਾਊਨ 'ਚ ਛੋਟ ਦੇ ਦਿੱਤੀ ਗਈ ,ਜਿਸ ਤੋਂ ਬਾਅਦ ਹਾਲਾਤ ਇਕ ਵਾਰ ਫਿਰ ਕਾਬੂ ਤੋਂ ਬਾਹਰ ਹੋ ਗਏ ਹਨ। ਲੌਕਡਾਊਨ 'ਚ ਢਿੱਲ ਮਿਲਦਿਆਂ ਹੀ ਭਾਰਤ ਵਿੱਚ ਵਾਇਰਸ ਤੇਜ਼ੀ ਨਾਲ ਵਧਿਆ ਹੈ। ਭਾਰਤ 'ਚ ਕੋਰੋਨਾ ਦੇ ਕੇਸਾਂ ਦੀ ਗਿਣਤੀ 4 ਲੱਖ 25 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 13 ਹਜ਼ਾਰ ਤੋਂ ਵੀ ਵੱਧ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਭਾਰਤ ’ਚ 14,821 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਦੌਰਾਨ 445 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਭਰ 'ਚ ਕੋਰੋਨਾ ਕਾਰਨ ਮੌਤਾਂ ਦਾ ਕੁੱਲ ਅੰਕੜਾ 13699 ਹੋ ਗਿਆ ਹੈ। ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 4,25,282 ਹੋ ਗਈ ਹੈ ਤੇ ਐਕਟਿਵ ਮਾਮਲਿਆਂ ਦੀ ਗਿਣਤੀ 1,74,387 ਹੋ ਗਈ ਹੈ, ਜਦਕਿ 2,37,196 ਡਿਸਚਾਰਜ ਹੋ ਚੁੱਕੇ ਹਨ। ਇਸ ਦੀ ਪੁਸ਼ਟੀ ਕੇਂਦਰੀ ਸਿਹਤ ਮੰਤਰਾਲੇ ਨੇ ਕੀਤੀ ਹੈ। ਜੇਕਰ ਅਮਰੀਕਾ, ਇਟਲੀ ਤੇ ਬ੍ਰਾਜੀਲ ਨਾਲ ਤੁਲਨਾ ਕਰੀਏ ਤਾਂ ਭਾਰਤ ਇਸ ਸਮੇਂ ਵੀ ਬੇਹੱਦ ਬਿਹਤਰ ਸਥਿਤੀ ’ਚ ਹੈ ਤੇ ਕੋਰੋਨਾ ਖ਼ਿਲਾਫ਼ ਭਾਰਤ ਦੀ ਜੰਗ ਸਹੀ ਤੇ ਮਜ਼ਬੂਤ ਤਰੀਕੇ ਨਾਲ ਅੱਗੇ ਵੱਧ ਰਹੀ ਹੈ। ਦੇਸ਼ ’ਚ ਹੁਣ ਪਾਜ਼ੀਟਿਵ ਮਾਮਲਿਆਂ 'ਚੋਂ 2,37,196 ਮਰੀਜ਼ ਠੀਕ ਹੋ ਆਪਣੇ ਘਰ ਜਾ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਕੁੱਲ 9,440 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਤੋਂ ਬਾਅਦ ਸਿਹਤਯਾਬ ਹੋਣ ਦੀ ਦਰ 55.77 ਫੀਸਦੀ ਹੋ ਗਈ ਹੈ। -PTCNews

Related Post