ਭਾਰਤ-ਚੀਨ ਵਿਚਾਲੇ ਹਿੰਸਕ ਝੜਪ ਦੌਰਾਨ ਪੱਥਰਾਂ ਤੇ ਡਾਂਗਾਂ ਨਾਲ ਮਾਰੇ ਇਕ-ਦੂਜੇ ਦੇ ਸੈਨਿਕ

By  Shanker Badra June 16th 2020 05:45 PM

ਭਾਰਤ-ਚੀਨ ਵਿਚਾਲੇ ਹਿੰਸਕ ਝੜਪ ਦੌਰਾਨ ਪੱਥਰਾਂ ਤੇ ਡਾਂਗਾਂ ਨਾਲ ਮਾਰੇ ਇਕ-ਦੂਜੇ ਦੇ ਸੈਨਿਕ:ਨਵੀਂ ਦਿੱਲੀ : ਲੱਦਾਖ ਦੀ ਗਿਲਵਾਨ ਘਾਟੀ ਵਿਚ ਬੀਤੀ ਰਾਤ ਭਾਰਤ ਅਤੇ ਚੀਨ ਦੇ ਸੈਨਿਕਾ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਭਾਰਤ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ ,ਜਿਨ੍ਹਾਂ ਵਿਚ ਇਕ ਕਰਨਲ ਰੈਂਕ ਦਾ ਅਧਿਕਾਰੀ ਵੀ ਸ਼ਾਮਲ ਹੈ। ਉੱਥੇ ਹੀ ਹੁਣ ਭਾਰਤੀ ਸੈਨਾ ਨੇ ਇਹ ਵੀ ਕਿਹਾ ਹੈ ਕਿ ਜਾਨੀ ਨੁਕਸਾਨ ਦੋਵੇਂ ਪਾਸਿਓ ਹੋਇਆ ਹੈ ਪਰ ਚੀਨ ਦੇ ਕਿੰਨੇ ਜਵਾਨ ਮਾਰੇ ਗਏ ਹਨ ,ਉਸ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ।

ਸੂਤਰਾਂ ਅਨੁਸਾਰ ਇਸ ਖੂਨੀ ਝੜਪ ਵਿਚ ਚੀਨੀ ਫੌਜ ਦੇ ਬਹੁਤ ਸਾਰੇ ਸੈਨਿਕ ਅਤੇ ਅਧਿਕਾਰੀ ਵੀ ਮਾਰੇ ਗਏ ਹਨ, ਜਿਨ੍ਹਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਅਧਿਕਾਰਤ ਤੌਰ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਪਾਸਿਆਂ ਤੋਂ ਕੋਈ ਗੋਲੀਬਾਰੀ ਨਹੀਂ ਹੋਈ ਸੀ ਪਰ ਦੋਵਾਂ ਨੇ ਇਕ ਦੂਜੇ 'ਤੇ ਪੱਥਰਾਂ, ਲੋਹੇ ਦੀਆਂ ਰਾਡਾਂ ਅਤੇ ਡਾਂਗਾਂ ਨਾਲ ਹਮਲਾ ਕੀਤਾ, ਜਿਸ ਵਿਚ ਭਾਰਤ ਦੇ ਦੋ ਜਵਾਨ ਅਤੇ ਇਕ ਅਫਸਰ ਸ਼ਹੀਦ ਹੋ ਗਿਆ ਹੈ।

Indian Army officer, 2 jawans killed in 'violent face-off' with Chinese in Galwan Valley ਭਾਰਤ-ਚੀਨ ਵਿਚਾਲੇ ਹਿੰਸਕ ਝੜਪ ਦੌਰਾਨ ਪੱਥਰਾਂ ਤੇ ਡਾਂਗਾਂ ਨਾਲ ਮਾਰੇ ਇਕ-ਦੂਜੇ ਦੇ ਸੈਨਿਕ

ਇਸ ਹਮਲੇ ਵਿਚ ਅੱਧੀ ਦਰਜਨ ਭਾਰਤੀ ਜਵਾਨ ਵੀ ਜ਼ਖ਼ਮੀ ਹੋਏ ਹਨ। ਸੂਤਰਾਂ ਮੁਤਾਬਕ ਭਾਰਤੀ ਜਵਾਨਾਂ ਨੇ ਵੀ ਚੀਨੀਆਂ ਨੂੰ ਪੱਥਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਮਾਰਿਆ, ਜਿਸ ਵਿਚ ਤਕਰੀਬਨ ਇਕ ਦਰਜਨ ਚੀਨੀ ਮਾਰੇ ਗਏ ਹਨ ਤੇ ਇੰਨੇ ਹੀ ਜ਼ਖ਼ਮੀ ਹੋਏ ਹਨ। ਹਾਲਾਂਕਿ ਚੀਨੀ ਫੌਜ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਕੁਝ ਖ਼ਬਰ ਏਜੰਸੀਆਂ ਅਨੁਸਾਰ ਚੀਨ ਨੇ 5 ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ 45 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਚੀਨ ਦੀ ਸਰਹੱਦ 'ਤੇ ਕੋਈ ਭਾਰਤੀ ਜਵਾਨ ਮਾਰਿਆ ਗਿਆ ਹੈ। ਇਸ ਤੋਂ ਪਹਿਲਾਂ 1975 ਵਿਚ ਅਰੁਣਾਚਲ ਪ੍ਰਦੇਸ਼ ਦੇ ਤੁਲੁੰਗ ਲਾ ਵਿਚ ਚੀਨੀ ਹਮਲੇ ਵਿਚ 4 ਸੈਨਿਕ ਮਾਰੇ ਗਏ ਸਨ। ਦੱਸਿਆ ਜਾਂਦਾ ਹੈ ਕਿ ਹੁਣ ਦੋਵਾਂ ਦੇਸ਼ਾਂ ਦੇ ਸੀਨੀਅਰ ਫੌਜੀ ਅਧਿਕਾਰੀ ਮੌਜੂਦਾ ਤਣਾਅ ਨੂੰ ਘੱਟ ਕਰਨ ਲਈ ਹਾਈ ਲੈਵਲ ਦੀ ਬੈਠਕ ਕਰ ਰਹੇ ਹਨ।

-PTCNews

Related Post