ਇਰਾਕ ਵਿਚ ਮਾਰੇ ਗਏ ਅਗਵਾਹ ਵਿਅਕਤੀਆਂ ਦੇ ਪਰਿਵਾਰਾਂ ਨੂੰ ਅੰਤਿਮ ਰਸਮਾਂ ਲਈ ਸਹਾਇਤਾ ਅਤੇ ਐਕਸ ਗ੍ਰੇਸ਼ੀਆ ਦੇਣ ਬਾਰੇ ਸੁਸ਼ਮਾ ਨੂੰ ਅਪੀਲ

By  Joshi March 20th 2018 08:51 PM

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਰਾਕ ਵਿਚ ਮਾਰੇ ਗਏ ਅਗਵਾਹ ਵਿਅਕਤੀਆਂ ਦੇ ਪਰਿਵਾਰਾਂ ਨੂੰ ਅੰਤਿਮ ਰਸਮਾਂ ਲਈ ਸਹਾਇਤਾ ਅਤੇ ਐਕਸ ਗ੍ਰੇਸ਼ੀਆ ਦੇਣ ਬਾਰੇ ਸੁਸ਼ਮਾ ਨੂੰ ਅਪੀਲ

ਚੰਡੀਗੜ੍ਹ 20 ਮਾਰਚ,

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਰਾਕ ਵਿਚ ਮਾਰੇ ਗਏ ਅਗਵਾਹ ਵਿਅਕਤੀਆਂ ਦੀਆਂ ਅੰਤਿਮ ਰਸਮਾਂ ਦੇ ਵਾਸਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਅਤੇ ਉਨ੍ਹਾਂ ਨੂੰ ਐਕਸ ਗ੍ਰੇਸ਼ੀਆ ਰਾਹਤ ਮੁਹੱਈਆ ਕਰਵਾਉਣ ਵਾਸਤੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ |

ਮੁੱਖ ਮੰਤਰੀ ਨੇ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਇਸ ਮੁੱਦੇ ਉੱਤੇ ਇਕ ਪੱਤਰ ਲਿਖ ਕੇ ਇਹ ਯਕੀਨੀ ਬਣਾਉਣ ਲਈ ਆਖਿਆ ਹੈ ਕਿ ਇਸ ਸਬੰਧ ਵਿਚ ਕੋਈ ਵੀ ਕਸਰ ਬਾਕੀ ਨਾ ਰਹੇ | ਉਨ੍ਹਾਂ ਨੇ ਮਾਰੇ ਗਏ ਵਿਅਕਤੀਆਂ ਦੇ ਸਰੀਰ ਦੇ ਹਿੱਸਿਆਂ ਨੂੰ ਵਾਪਸ ਭਾਰਤ ਲਿਆ ਕੇ ਅੰਤਿਮ ਰਸਮਾਂ ਕਰਨ ਲਈ ਵੀ ਕੇਂਦਰੀ ਮੰਤਰੀ ਨੂੰ ਯਕੀਨੀ ਬਣਾਉਣ ਵਾਸਤੇ ਆਖਿਆ ਹੈ |

ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਮਾਰੇ ਗਏ ਵਿਅਕਤੀਆਂ ਨੂੰ ਪੂਰੇ ਸਤਿਕਾਰ ਨਾਲ ਤਬੂਤਾਂ ਵਿਚ ਲਿਆਉਣ ਦਾ ਪ੍ਰਬੰਧ ਕਰ ਰਹੀ ਹੈ | ਮੁੱਖ ਮਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਅੰਤਿਮ ਰਸਮਾਂ ਦੇ ਵਾਸਤੇ ਦੁਖੀ ਪਰਿਵਾਰਾਂ ਦੇ ਕੋਲ ਇਨ੍ਹਾਂ ਤਬੂਤਾਂ ਨੂੰ ਪਹੁੰਚਾਉਣ ਦਾ ਪ੍ਰਬੰਧ ਕਰੇਗੀ |

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਉਹ ਪੀੜਿਤ ਪਰਿਵਾਰਾਂ ਤੱਕ ਨਿਜੀ ਤੌਰ ਤੇ ਪਹੁੰਚ ਕੇ ਇਹ ਦੁਖਦਾਈ ਸਮਾਚਾਰ ਸਾਂਝਾ ਕਰਨ |

ਕੇਂਦਰੀ ਮੰਤਰੀ ਨੂੰ ਲਿਖੇ ਗਏ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਰੇ ਗਏ ਵਿਅਕਤੀਆਂ ਵਿਚੋਂ 24 ਪੰਜਾਬ ਨਾਲ ਸਬੰਧਤ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਨੂੰ ਪ੍ਰਤੀ ਮਹੀਨਾ 20 ਹਜ਼ਾਰ ਰੁਪਏ ਦੀ ਸਹਾਇਤਾ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਜੇ ਕੇਂਦਰ ਵੀ ਇਨ੍ਹਾਂ ਵਿਸ਼ੇਸ਼ ਹਾਲਤਾਂ ਵਿਚ ਇਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਦਿੰਦਾ ਹੈ ਤਾਂ ਉਹ ਬਹੁਤ ਧੰਨਵਾਦੀ ਹੋਣਗੇ |

ਇਸ ਸਮਾਚਾਰ ਉੱਤੇ ਦੱੁਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਸਣੇ ਪੰਜਾਬ ਵਿਚ ਹਰੇਕ ਨੂੰ ਧੱਕਾ ਲੱਗਾ ਹੈ ਅਤੇ ਉਹ ਅਗਵਾਹ ਹੋਏ ਇਨ੍ਹਾਂ ਵਿਅਕਤੀਆਂ ਦੀ ਸੁੱਖ-ਸਾਂਦ ਬਾਰੇ ਅਰਦਾਸ ਕਰ ਰਹੇ ਸਨ ਜਿਨ੍ਹਾਂ ਨੂੰ ਆਈ.ਐਸ.ਆਈ.ਐਸ. ਨੇ 2014 ਵਿਚ ਅਗਵਾਹ ਕੀਤਾ ਸੀ |

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅਗਵਾਹ ਹੋਏ 39 ਵਿਅਕਤੀਆਂ ਦੀ ਮੌਤ ਦੀ ਕੇਂਦਰ ਸਰਕਾਰ ਨੂੰ ਬਚਕੇ ਆਏ ਇਕ ਵਿਅਕਤੀ ਦੇ ਪ੍ਰਗਟਾਵੇ ਤੋਂ ਬਾਅਦ ਪੁਸ਼ਟੀ ਕਰ ਦੇਣੀ ਚਾਹੀਦੀ ਸੀ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਲਾਂ ਦੌਰਾਨ ਇਹ ਪਰਿਵਾਰ ਪੂਰੀ ਤਰ੍ਹਾਂ ਡਾਵਾਂਡੋਲ ਦੀ ਸਥਿਤੀ ਵਿਚ ਰਹੇ ਜਿਸ ਗੱਲ ਨੇ ਕੁਦਰਤੀ ਤੌਰ ਤੇ ਇਨ੍ਹਾਂ ਦੇ ਦੁੱਖਾਂ ਵਿਚ ਕਈ ਗੁਣਾ ਵਾਧਾ ਕੀਤਾ ਹੋਵੇਗਾ |

ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਵਿਚ ਸੁਸ਼ਮਾਂ ਸਵਰਾਜ ਵੱਲੋਂ ਦਿੱਤੇ ਗਏ ਬਿਆਨ ਬਾਰੇ ਸਦਨ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਇਨ੍ਹਾਂ ਦੇ ਨਾਂ ਸ਼ਰਧਾਂਜਲੀ ਸੂਚੀ ਵਿਚ ਸ਼ਾਮਲ ਕਰਨ ਲਈ ਸਪੀਕਰ ਨੂੰ ਬੇਨਤੀ ਕੀਤੀ | ਸਦਨ ਨੇ ਇਨ੍ਹਾਂ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ |

—PTC News

Related Post