ਸੁਸ਼ਾਂਤ ਸਿੰਘ ਰਾਜਪੂਤ ਦੀਆਂ ਯਾਦਾਂ ਸੰਗ ਜੁੜੇ ਰਹਿਣਗੇ ਲੋਕ , ਇੰਸਟਾਗ੍ਰਾਮ ਨੇ ਉਨ੍ਹਾਂ ਦੇ ਅਕਾਊਂਟ ਨੂੰ ਬਣਾਇਆ 'ਯਾਦਗਾਰ'

By  Kaveri Joshi June 20th 2020 05:54 PM

ਸੁਸ਼ਾਂਤ ਸਿੰਘ ਰਾਜਪੂਤ ਦੀਆਂ ਯਾਦਾਂ ਸੰਗ ਜੁੜੇ ਰਹਿਣਗੇ ਲੋਕ , ਇੰਸਟਾਗ੍ਰਾਮ ਨੇ ਉਨ੍ਹਾਂ ਦੇ ਅਕਾਊਂਟ ਨੂੰ ਬਣਾਇਆ 'ਯਾਦਗਾਰ': ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਆਖ ਤੁਰ ਜਾਣ ਦੀ ਖ਼ਬਰ ਨੇ ਫ਼ਿਲਮ ਇੰਡਸਟਰੀ , ਟੀ.ਵੀ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਮਨਾਂ ਨੂੰ ਦੁੱਖ ਦੇ ਆਲਮ ਵਿੱਚ ਪਹੁੰਚਾ ਦਿੱਤਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਵੱਲੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਲੋਕ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਰਾਹੀਂ ਅਤੇ ਵੀਡੀਓਜ਼ ਸ਼ੇਅਰ ਕਰਕੇ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕਰ ਰਹੇ ਹਨ।

https://media.ptcnews.tv/wp-content/uploads/2020/06/WhatsApp-Image-2020-06-20-at-5.04.05-PM.jpeg

ਦੱਸ ਦੇਈਏ ਕਿ ਇੰਸਟਾਗ੍ਰਾਮ ਨੇ ਵੀ ਉਨ੍ਹਾਂ ਦੇ ਦਿਹਾਂਤ ਤੋਂ ਤਕਰੀਬਨ ਪੰਜ ਦਿਨ ਬਾਅਦ ਉਨ੍ਹਾਂ ਦੇ ਅਕਾਊਂਟ ਨੂੰ ਯਾਦਗਾਰ ਬਣਾ ਦਿੱਤਾ ਹੈ। ਹੁਣ ਜਦੋਂ ਵੀ ਤੁਸੀਂ ਸੁਸ਼ਾਂਤ ਦਾ ਇੰਸਟਾਗ੍ਰਾਮ ਖੋਲੋਗੇ ਤਾਂ ਉਨ੍ਹਾਂ ਦੇ ਨਾਮ ਦੇ ਹੇਠਾਂ ਤੁਹਾਨੂੰ ਰਿਮੈਂਬਰਿੰਗ ਲਿਖਿਆ ਨਜ਼ਰ ਆਵੇਗਾ। ਸੁਸ਼ਾਂਤ ਦਾ ਇੰਸਟਾਗ੍ਰਾਮ ਅਕਾਊਂਟ ਯਾਦਗਾਰ ਵਜੋਂ ਸਦਾ ਉੱਥੇ ਰਹੇਗਾ।

ਦਰਅਸਲ ਇੰਸਟਾਗ੍ਰਾਮ ਆਪਣੀ ਪਾਲਿਸੀ ਦੇ ਤਹਿਤ ਕਿਸੇ ਵੀ ਸੈਲੀਬ੍ਰਿਟੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਅਕਾਊਂਟ ਨੂੰ ਮੈਮੋਰਲਾਈਜ਼ਡ ਕਰ ਦਿੰਦਾ ਹੈ ਤਾਂ ਕਿ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ। ਇੰਸਟਾਗ੍ਰਾਮ ਵੱਲੋਂ ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਸਿਤਾਰੇ ਦੇ ਨਾਮ ਅੱਗੇ ਰਿਮੈਂਬਰਿੰਗ ਲਿਖਿਆ ਜਾਂਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਇੰਸਟਾਗ੍ਰਾਮ ਖਾਤੇ ਨੂੰ ਯਾਦਗਾਰ ਬਣਾਉਣ ਤੋਂ ਬਾਅਦ ਕੋਈ ਵੀ ਉਸਨੂੰ ਲੌਗਇੰਨ ਨਹੀਂ ਕਰ ਸਕਦਾ। ਦਿਹਾਂਤ ਤੋਂ ਪਹਿਲਾਂ ਖਾਤਾਧਾਰਕ ਨੇ ਤਸਵੀਰਾਂ ਜਾਂ ਵੀਡੀਓ ਰਾਹੀਂ ਜੋ ਵੀ ਕੁਝ ਸਾਂਝਾ ਕੀਤਾ ਹੁੰਦਾ ਹੈ , ਉਹ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਨਜ਼ਰ ਆਉਣਗੀਆਂ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਆਖ਼ਰੀ ਪੋਸਟ 3 ਜੂਨ ਨੂੰ ਪਾਈ ਸੀ , ਜੋ ਉਨ੍ਹਾਂ ਦੇ ਮਾਤਾ ਜੀ ਬਾਰੇ ਸੀ। ਸੁਸ਼ਾਂਤ ਵੱਲੋਂ ਅਪਲੋਡ ਕੀਤੀ ਗਈ ਉਸ ਪੋਸਟ 'ਤੇ ਪ੍ਰਸ਼ੰਸਕਾਂ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਯਾਦ ਕਰਦੇ ਹੋਏ ਕੰਮੈਂਟ ਕੀਤੇ ਜਾ ਰਹੇ ਹਨ ।

ਦੱਸ ਦੇਈਏ ਕਿ ਕਾਈ ਪੋਚੇ, ਐੱਮ.ਐੱਸ ਧੋਨੀ: ਦ ਅਨਟੋਲਡ ਸਟੋਰੀ, ਛਿਛੋਰੇ ਜਿਹੀਆਂ ਫ਼ਿਲਮਾਂ ਵਿੱਚ ਆਪਣੀ ਬਾਕਮਾਲ ਅਦਾਕਾਰੀ ਜ਼ਰੀਏ ਵਾਹ-ਵਾਹ ਬਟੋਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਮਹਿਜ਼ 34 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੋਂ ਚੱਲ ਵੱਸੇ। ਉਨ੍ਹਾਂ ਆਪਣੇ ਬਾਂਦਰਾ ਸਥਿੱਤ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ।

ਇੰਸਟਾਗ੍ਰਾਮ ਵੱਲੋੰ ਉਨ੍ਹਾਂ ਦੇ ਅਕਾਊਂਟ ਨੂੰ ਯਾਦਗਾਰ ਸ਼੍ਰੇਣੀ ਵਿੱਚ ਸ਼ਾਮਲ ਕਰਨ ਦਾ ਮੰਤਵ ਇਹ ਹੈ ਕਿ ਉਨ੍ਹਾਂ ਨੂੰ ਚਾਹੁਣ ਵਾਲੇ ਹਮੇਸ਼ਾ ਇਸ ਅਕਾਊਂਟ ਜ਼ਰੀਏ ਉਨ੍ਹਾਂ ਨੂੰ ਚੇਤੇ ਕਰਦੇ ਰਹਿਣ।

Related Post