SIT ਕਮਲਨਾਥ ਖ਼ਿਲਾਫ ਦੁਬਾਰਾ ਜਾਂਚ ਖੋਲ੍ਹੇਗੀ: ਅਕਾਲੀ ਦਲ

By  Jashan A June 20th 2019 07:01 PM

SIT ਕਮਲਨਾਥ ਖ਼ਿਲਾਫ ਦੁਬਾਰਾ ਜਾਂਚ ਖੋਲ੍ਹੇਗੀ: ਅਕਾਲੀ ਦਲ

ਮੰਗ ਕੀਤੀ ਕਿ ਕਮਲ ਨਾਥ ਦਾ ਨਾਂ 1984 ਵਾਲੀ ਐਫਆਈਆਰ ਵਿਚ ਸ਼ਾਮਿਲ ਕਰਨ ਅਤੇ ਗਵਾਹਾਂ ਦੇ ਬਿਆਨ ਕਲਮਬੰਦ ਕਰਨ ਮਗਰੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਗਿਰਫਤਾਰ ਕੀਤਾ ਜਾਵੇ

ਚੰਡੀਗੜ੍ਹ: ਦਿੱਲੀ ਅੰਦਰ 1984 ਵਿਚ ਸਿੱਖਾਂ ਦੇ ਸਮੂਹਿਕ ਕਤਲੇਆਮ ਸੰਬੰਧੀ ਤਾਜ਼ਾ ਸਬੂਤਾਂ ਦੀ ਜਾਂਚ ਕਰਨ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਵੱਲੋਂ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਅੰਦਰ ਪੈਂਦੇ ਇਲਾਕੇ ਵਿਚ 1984 ਕਤਲੇਆਮ ਦੌਰਾਨ ਹੋਈ ਉਸ ਹਿੰਸਾ ਦੀ ਜਾਂਚ ਦੁਬਾਰਾ ਖੋਲ੍ਹੀ ਜਾਵੇਗੀ, ਜਿਸ ਬਾਰੇ ਗਵਾਹਾਂ ਦਾ ਇਹ ਕਹਿਣਾ ਹੈ ਕਿ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਕਮਲ ਨਾਥ ਇਸ ਇਲਾਕੇ ਵਿਚ ਭੜਕੀ ਹੋਈ ਭੀੜ ਦੀ ਅਗਵਾਈ ਕਰ ਰਿਹਾ ਸੀ।

ਇਸ ਬਾਰੇ ਖੁਲਾਸਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਸੰਬੰਧੀ ਅਕਾਲੀ ਦਲ ਦਾ ਇੱਕ ਵਫ਼ਦ ਸਿਟ ਚੇਅਰਮੈਨ ਅਨੁਰਾਗ ਨੂੰ ਮਿਲ ਕੇ ਉਹਨਾਂ ਨੂੰ ਗਵਾਹਾਂ ਦੇ ਨਾਂ ਅਤੇ ਗਵਾਹੀਆਂ ਸੌਂਪ ਚੁੱਕਿਆ ਹੈ। ਉਹਨਾਂ ਕਿਹਾ ਕਿ ਸਿਟ ਅਧਿਕਾਰੀਆਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਇਸ ਵੱਲੋਂ ਢੁੱਕਵੇਂ ਸਮੇਂ ਉੱਤੇ ਨਾਮੀ ਪੱਤਰਕਾਰਾਂ ਸੰਜੇ ਸੂਰੀ ਅਤੇ ਮੁਖਤਿਆਰ ਸਿੰਘ ਸਮੇਤ ਸਾਰੇ ਚਸ਼ਮਦੀਦ ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ।

ਹੋਰ ਪੜ੍ਹੋ: ਘਰ 'ਚ ਪਤਨੀ ਨੂੰ ਕੁੱਟ ਰਿਹਾ ਸੀ ਪਤੀ, ਮਾਸੂਮ ਨੇ ਉਠਾਇਆ ਇਹ ਕਦਮ, ਹਰ ਕੋਈ ਕਰ ਰਿਹੈ ਤਾਰੀਫ਼

ਉਹਨਾਂ ਕਿਹਾ ਕਿ ਸਾਨੂੰ ਇਹ ਵੀ ਭਰੋਸਾ ਦਿਵਾਇਆ ਗਿਆ ਹੈ ਕਿ ਇਹ ਕੇਸ ਨਾਲ ਜੁੜੇ ਬਾਕੀ ਗਵਾਹਾਂ ਦੀਆਂ ਗਵਾਹੀਆਂ ਲੈਣ ਲਈ ਉਹਨਾਂ ਤਕ ਵੀ ਪਹੁੰਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 1984 ਵਿਚ ਸਿੱਖਾਂ ਖ਼ਿਲਾਫ ਹੋਈ ਸਮੂਹਿਕ ਹਿੰਸਾ ਦੇ ਸੰਬੰਧ ਵਿਚ ਪਾਰਲੀਮੈਂਟ ਪੁਲਿਸ ਸਟੇਸ਼ਨ ਵਿਖੇ ਦਰਜ ਕੀਤੀ ਗਈ ਐਫਆਈਆਰ ਨੰਬਰ 601/84 ਸੰਬੰਧੀ 5 ਵਿਅਕਤੀਆਂ ਨੂੰ ਬਰੀ ਕੀਤਾ ਜਾ ਚੁੱਕਿਆ ਹੈ।

ਡੀਐਸਜੀਐਮਸੀ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਉਤੇ ਸਿਟ ਨੂੰ ਮਿਲੇ ਅਕਾਲੀ ਵਫ਼ਦ ਨੂੰ ਜਾਂਚ ਟੀਮ ਨੇ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਵੀ ਜਾਂਚ ਟੀਮ ਨੂੰ ਨਵੇਂ ਸਾਹਮਣੇ ਆਏ ਸਬੂਤਾਂ ਦੀ ਮੁੜ ਜਾਂਚ ਲਈ ਕਿਹਾ ਜਾ ਚੁੱਕਿਆ ਹੈ। ਜਿਸ ਤੋਂ ਬਾਅਦ ਸਿਟ ਨੇ ਅਕਾਲੀ ਦਲ ਨੂੰ ਇਸ ਕੇਸ ਨਾਲ ਜੁੜੇ ਹੋਰ ਸਬੂਤ ਦੇਣ ਲਈ ਆਖਿਆ ਹੈ।

ਅਕਾਲੀ ਵਫ਼ਦ ਨੇ ਸਿੱਖਾਂ ਦਾ ਕਤਲੇਆਮ ਕਰਨ ਅਤੇ ਗੁਰਦੁਆਰਾ ਰਕਾਬਗੰਜ ਨੂੰ ਅੱਗ ਲਾਉਣ ਵਾਲੀ ਹਿੰਸਕ ਭੀੜ ਦੀ ਅਗਵਾਈ ਕਰਨ ਸੰਬੰਧੀ ਕਮਲ ਨਾਥ ਦੀ ਭੂਮਿਕਾ ਬਾਰੇ ਸਾਰੇ ਦਸਤਾਵੇਜ਼ ਸਿਟ ਨੂੰ ਸੌਂਪ ਦਿੱਤੇ ਹਨ। ਸਿਰਸਾ ਨੇ ਕਿਹਾ ਕਿ ਇਸ ਤਾਜ਼ਾ ਘਟਨਾਕ੍ਰਮ ਮਗਰੋਂ ਅਕਾਲੀ ਦਲ ਨੂੰ ਉਮੀਦ ਹੈ ਕਿ 1984 ਵਿਚ ਸਿੱਖਾਂ ਦੇ ਕਤਲੇਆਮ ਵਿਚ ਨਿਭਾਈ ਭੂਮਿਕਾ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੂੰ ਤਿੰਨ ਮਹੀਨਿਆਂ ਦੇ ਅੰਦਰ ਗਿਰਫ਼ਤਾਰ ਕਰ ਲਿਆ ਜਾਵੇਗਾ।

ਹੋਰ ਪੜ੍ਹੋ: ਸ਼ਰਮਨਾਕ ਗੱਲ ਹੈ ਕਿ ਰਾਹੁਲ ਗਾਂਧੀ ਆਪਣੀ ਕੁਰਸੀ ਬਚਾਉਣ ਲਈ '84 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਕੋਲੋਂ ਹਮਾਇਤ ਮੰਗ ਰਿਹਾ ਹੈ: ਬਿਕਰਮ ਮਜੀਠੀਆ

ਉਹਨਾਂ ਕਿਹਾ ਕਿ ਅਸੀਂ ਸਿਟ ਕੋਲ ਮੰਗ ਪੱਤਰ ਦੇ ਕੇ ਗਵਾਹਾਂ ਦੇ ਬਿਆਨ ਕਲਮਬੰਦ ਕਰਨ ਦੀ ਬੇਨਤੀ ਕਰ ਚੁੱਕੇ ਹਾਂ। ਅਸੀਂ ਇਹ ਵੀ ਅਪੀਲ ਕੀਤੀ ਹੈ ਕਿ ਕਮਲ ਨਾਥ ਦਾ ਨਾਂ ਐਫਆਈਆਰ 601/84 ਵਿਚ ਸ਼ਾਮਿਲ ਕੀਤਾ ਜਾਵੇ ਅਤੇ ਇਸ ਕੇਸ ਵਿਚ ਕਾਂਗਰਸੀ ਆਗੂ ਦੀ ਗਿਰਫ਼ਤਾਰੀ ਦੀ ਵੀ ਮੰਗ ਕੀਤੀ ਹੈ।

ਉਹਨਾਂ ਕਿਹਾ ਕਿ ਅਸੀਂ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਕਮਲ ਨਾਥ ਨੂੰ ਗਿਰਫ਼ਤਾਰ ਕਰਨਾ ਬਹੁਤ ਜਰੂਰੀ ਹੈ, ਨਹੀਂ ਤਾਂ ਉਹ ਇਸ ਕੇਸ ਦੇ ਗਵਾਹਾਂ ਉੱਤੇ ਦਬਾਅ ਪਾਏਗਾ।ਅਕਾਲੀ ਦਲ ਵਫ਼ਦ ਦੇ ਬਾਕੀ ਮੈਂਬਰਾਂ ਵਿਚ ਕੁਲਵੰਤ ਸਿੰਘ ਬਾਹਟ, ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਵੀ ਸ਼ਾਮਿਲ ਸਨ।

-PTC News

Related Post