ਰਾਸ਼ਨ ਦੇ ਬਿੱਲ 'ਚ ਨਿੰਬੂ ਦਾ ਪੈਸਾ ਜੋੜਨ ਵਾਲੇ ਕਪੂਰਥਲਾ ਜੇਲ੍ਹ ਅਧਿਕਾਰੀ ਨੂੰ ਕੀਤਾ ਮੁਅੱਤਲ

By  Pardeep Singh May 6th 2022 05:48 PM

ਚੰਡੀਗੜ੍ਹ: ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੈਦੀਆਂ ਲਈ ਰਾਸ਼ਨ ਦੀ ਦੁਰਵਰਤੋਂ ਕਰਨ ਦੇ ਇਲਜ਼ਾਮਾਂ ਤਹਿਤ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਗੁਰਨਾਮ ਲਾਲ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਅਧਿਕਾਰੀ ਨੇ  50 ਕਿਲੋ ਨਿੰਬੂ ਖ਼ਰੀਦਣ ਵਿੱਚ ਵੀ ਬੇਨਿਯਮੀਆਂ ਦਿਖਾਈ ਸੀ। ਉਧਰ ਕੈਦੀਆਂ ਦਾ ਦਾਅਵਾ ਸੀ ਕਿ ਨਿੰਬੂ ਕਦੇ ਰਸੋਈ ਵਿੱਚ ਨਹੀਂ ਵਰਤੇ ਗਏ। ਰਾਸ਼ਨ ਵਿੱਚ ਕਈ ਤਰ੍ਹਾਂ ਦੇ ਘਪਲਿਆਂ ਨੂੰ ਲੈ ਕੇ ਸੁਪਰਡੈਂਟ ਨੂੰ ਮੁਅੱਤਲ ਕੀਤਾ ਗਿਆ ਹੈ। ਮੰਤਰੀ ਨੇ ਵਧੀਕ ਮੁੱਖ ਸਕੱਤਰ ਨੂੰ ਗੁਰਨਾਮ ਲਾਲ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ। ਸੂਤਰਾਂ ਨੇ ਦੱਸਿਆ ਕਿ ਇਸ ਕੁਤਾਹੀ ਲਈ ਲਾਲ ਖਿਲਾਫ ਚਾਰਜਸ਼ੀਟ ਵੀ ਦਾਇਰ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਨਿੰਬੂਆਂ ਦੀ ਖਰੀਦ 15 ਤੋਂ 30 ਅਪ੍ਰੈਲ ਦਰਮਿਆਨ ਹੋਈ ਵਿਖਾਈ ਗਈ ਹੈ। ਕੈਦੀਆਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਏਡੀਜੀਪੀ (ਜੇਲ੍ਹਾਂ) ਵਰਿੰਦਰ ਕੁਮਾਰ ਨੇ ਡੀਆਈਜੀ ਅਤੇ ਲੇਖਾ ਅਧਿਕਾਰੀ ਨੂੰ 1 ਮਈ ਨੂੰ ਜੇਲ੍ਹ ਦਾ ਅਚਨਚੇਤ ਨਿਰੀਖਣ ਕਰਨ ਲਈ ਭੇਜਿਆ ਸੀ ਅਤੇ ਨਿਰੀਖਣ ਕਰਨ ਤੋਂ ਬਾਅਦ ਜਦੋਂ ਰਿਪੋਰਟ ਤਿਆਰ ਕੀਤੀ ਉਸ ਤੋਂ ਬਾਅਦ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ। ਇਥੇ ਹੀ ਬੱਸ ਨਹੀ ਅਧਿਕਾਰੀ ਵੱਲੋਂ ਆਟੇ ਨੂੰ ਵੀ ਗਬਨ ਦੀ ਵੀ ਸੂਚਨਾ ਮਿਲੀ ਹੈ। ਉਥੇ ਬਣੀ ਹੋਈ ਰੋਟੀ ਦਾ ਵਜ਼ਨ 50 ਗ੍ਰਾਮ ਤੋਂ ਘੱਟ ਸੀ ਜੋ ਇਹ ਪੇਸ਼ ਕਰਦਾ ਹੈ ਕਿ ਕਈ ਕੁਇੰਟਲ ਆਟਾ ਗਾਇਬ ਹੋ ਰਿਹਾ ਸੀ। ਕੈਦੀਆਂ ਨੂੰ ਮਾੜੀ ਰੋਟੀ ਮਿਲ ਰਹੀ ਸੀ ਉਸ ਤੋਂ ਬਾਅਦ ਹੀ ਕੈਦੀਆਂ ਨੇ ਸ਼ਿਕਾਇਤ ਕੀਤੀ ਸੀ। ਇਹ ਵੀ ਪੜ੍ਹੋ:ਪਾਰਟੀ 'ਚ ਖਾਣੇ ਦੀ ਥਾਂ ਇਹ ਸ਼ਖਸ ਖਾ ਗਿਆ ਡੇਢ ਲੱਖ ਦੇ ਗਹਿਣੇ -PTC News

Related Post