ਅੰਮ੍ਰਿਤਸਰ-ਕੋਲਕਾਤਾ ਇਟੀਗ੍ਰੇਟਿਡ ਕੋਰੀਡੋਰ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕੀਤੀ, ਕਿਸਾਨਾਂ ਵੱਲੋਂ ਧਰਨਾ

By  Ravinder Singh October 22nd 2022 03:41 PM

ਪਟਿਆਲਾ : ਸਰਕਾਰ ਵੱਲੋਂ ਅੰਮ੍ਰਿਤਸਰ ਕੋਲਕਾਤਾ ਇਟੀਗ੍ਰੇਟਿਡ ਕੋਰੀਡੋਰ ਪ੍ਰਾਜੈਕਟ ਲਈ ਹਲਕਾ ਘਨੌਰ ਦੇ ਪੰਜ ਪਿੰਡਾਂ ਸੇਹਰਾ, ਸਿਹਰੀ, ਆਕੜੀ, ਪੱਬਰਾ ਅਤੇ ਤਖਤੂਮਾਜਰਾ ਦੇ ਵਸਨੀਕਾਂ ਤੋਂ ਕਰੀਬ ਤਿੰਨ ਸਾਲ ਪਹਿਲਾਂ ਕਰੀਬ 1104 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਸੇਹਰਾ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੇ ਸਹਿਯੋਗ ਨਾਲ ਅਣਮਿੱਥੇ ਸਮੇਂ ਲਈ ਰੋਸ ਧਰਨਾ ਆਰੰਭ ਦਿੱਤਾ ਹੈ।

ਅੰਮ੍ਰਿਤਸਰ-ਕੋਲਕਾਤਾ ਇਟੀਗ੍ਰੇਟਿਡ ਕੋਰੀਡੋਰ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕੀਤੀਧਰਨਾਕਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਜੰਗ ਸਿੰਘ ਭਟੇੜੀ, ਜਸਵਿੰਦਰ ਸਿੰਘ ਆਕੜੀ ਸਮੇਤ ਹੋਰਨਾਂ ਨੇ ਆਖਿਆ ਕਿ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਸਮੇਂ ਕਾਸ਼ਤਕਾਰਾਂ ਨੂੰ ਮੁਆਵਜ਼ਾ ਰਾਸ਼ੀ ਨਾ ਦੇ ਕੇ ਉੱਚ ਅਧਿਕਾਰੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ ਕਥਿਤ ਫਰਜ਼ੀ ਕਾਸ਼ਤਕਾਰ ਬਣਾ ਕੇ ਉਨ੍ਹਾਂ ਨੂੰ 9 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਦਿੱਤੀ ਗਈ।

ਇਹ ਵੀ ਪੜ੍ਹੋ : 'ਆਮ ਆਦਮੀ' ਦੇ 'ਖਾਸ' CM, ਭਾਰੀ ਸੁਰੱਖਿਆ ਘੇਰੇ 'ਚ ਦਰਬਾਰ ਸਾਹਿਬ ਪੁੱਜੇ, ਵਿਰਾਸਤੀ ਰਸਤਾ ਕੀਤਾ ਬੰਦ

ਇਸ ਤੋਂ ਇਲਾਵਾ ਉਪਰੋਕਤ ਪਿੰਡਾਂ ਦੇ ਕਿਸਾਨਾਂ ਦੀ ਜੱਦੀ ਜ਼ਮੀਨ ਨੂੰ ਜਾਂਦੇ ਰਸਤੇ ਨੂੰ ਵੀ ਇਸ ਜ਼ਮੀਨ ਦੇ ਨਾਲ ਹੀ ਐਕਵਾਇਰ ਕਰਵਾ ਦਿੱਤੇ ਗਏ ਤੇ ਬਾਅਦ 'ਚ ਇਹ ਸਾਰੀ ਜ਼ਮੀਨ ਪੁੱਡਾ ਨੂੰ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਿੰਡ ਪੱਥਰਾਂ ਦੇ ਸੈਂਕੜੇ ਬਾਜ਼ੀਗਰ ਬਸਤੀ ਵਾਲੇ ਪਰਿਵਾਰਾਂ ਨੂੰ ਕਿਧਰੇ ਵੀ ਰਿਹਾਇਸ਼ੀ ਪਲਾਟ ਨਹੀਂ ਦਿੱਤੇ ਗਏ। ਹੁਣ ਪੁੱਡਾ ਵੱਲੋਂ ਪੰਜ ਪਿੰਡਾਂ ਦੀ ਐਕਵਾਇਰ ਕੀਤੀ ਗਈ ਜ਼ਮੀਨ ਦੁਆਲੇ ਪਿੱਲਰ ਲਗਾ ਕੇ ਕੰਡਿਆਲੀ ਤਾਰ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਪਿੰਡਾਂ ਦੇ ਖੇਤ ਮਜ਼ਦੂਰਾਂ, ਜ਼ਮੀਨ ਦੇ ਅਸਲ ਕਾਸ਼ਤਕਾਰਾਂ ਨੂੰ ਢੁੱਕਵੀਂ ਮੁਆਵਜਾ ਰਾਸ਼ੀ ਤੇ ਬਾਜ਼ੀਗਰ ਬਸਤੀ ਦੇ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਨਹੀਂ ਦਿੱਤੇ ਜਾਂਦੇ, ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਇਲਾਵਾ ਜੱਦੀ ਜ਼ਮੀਨ ਦੇ ਮਾਲਕ ਕਿਸਾਨਾਂ ਦੀਆਂ ਜ਼ਮੀਨਾਂ ਵਾਲੇ ਰਸਤੇ ਨਹੀਂ ਛੱਡ ਜਾਂਦੇ, ਉਦੋਂ ਤੱਕ ਪਿੰਡਾਂ ਦੇ ਲੋਕ ਪੁੱਡਾ ਨੂੰ ਜ਼ਮੀਨ ਦੁਆਲੇ ਕੰਡਿਆਲੀ ਤਾਰ ਨਹੀਂ ਲਗਾਉਣ ਦੇਣਗੇ।

ਰਿਪੋਰਟ-ਗਗਨਦੀਪ ਆਹੂਜਾ

-PTC News

 

Related Post