ਵੋਟ ਫੀਸਦੀ ਨੇ ਆਮ ਆਦਮੀ ਪਾਰਟੀ ਦੀਆਂ ਹਿਲਾਈਆਂ ਸਿਆਸੀ ਜੜ੍ਹਾਂ, ਅਕਾਲੀ ਦਲ ਨੂੰ ਮਿਲੀ ਮਜ਼ਬੂਤੀ

By  Jashan A May 23rd 2019 07:35 PM -- Updated: May 23rd 2019 08:11 PM

ਵੋਟ ਫੀਸਦੀ ਨੇ ਆਮ ਆਦਮੀ ਪਾਰਟੀ ਦੀਆਂ ਹਿਲਾਈਆਂ ਸਿਆਸੀ ਜੜ੍ਹਾਂ, ਅਕਾਲੀ ਦਲ ਨੂੰ ਮਿਲੀ ਮਜ਼ਬੂਤੀ,ਪੰਜਾਬ 'ਚ 19 ਮਈ ਨੂੰ 13 ਸੀਟਾਂ 'ਤੇ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਚੁੱਕੇ ਹਨ। ਇਸ ਵਾਰ ਪੰਜਾਬ ਦੀ ਸਿਆਸਤ ਕਾਫੀ ਵੱਖਰੀ ਰਹੀ, ਚੋਣਾਂ ਦੌਰਾਨ ਕਈ ਥਾਈਂ ਹਿੰਸਕ ਘਟਨਾਵਾਂ ਵੀ ਦੇਖਣ ਮਿਲੀਆਂ ਅਤੇ ਕਈ ਸਿਆਸੀ ਪਾਰਟੀਆਂ 'ਚ ਆਪਸੀ ਖਿੱਚੋਤਾਣ ਵੀ ਦੇਖਣ ਨੂੰ ਮਿਲੀ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਇਆ,ਜਿਨ੍ਹਾਂ ਵਿੱਚ 24 ਮਹਿਲਾਵਾਂ ਸਨ। ਪੰਜਾਬ ਦੀ ਫਿਰੋਜ਼ਪੁਰ, ਬਠਿੰਡਾ,ਪਟਿਆਲਾ ਤੇ ਗੁਰਦਾਸਪੁਰ ਸੀਟ ‘ਦੀ ਗੱਲ ਕਰੀਏ ਤਾਂ ਇਥੇ ਮੁਕਾਬਲਾ ਕਾਫੀ ਸਖਤ ਸੀ। ਪਰ ਇਹਨਾਂ 4 ਸੀਟਾਂ ਵਿੱਚੋਂ 3 ਸੀਟਾਂ 'ਤੇ ਅਕਾਲੀ-ਭਾਜਪਾ ਦੇ ਗਠਜੋੜ ਨੇ ਬਾਜ਼ੀ ਮਾਰ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਠਿੰਡਾ ਹਰਸਿਮਰਤ ਕੌਰ ਬਾਦਲ ਅਤੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਜਿੱਤ ਹਾਸਲ ਕੀਤੀ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵਾਰ ਆਏ ਚੁਣਾਵੀ ਨਤੀਜਿਆਂ ਨੇ ਪੰਜਾਬ ਦੀ ਸਿਆਸੀ ਫਿਜਾ 'ਚ ਨਵੀਂ ਚਰਚਾ ਛੇੜ ਦਿੱਤੀ ਤੇ ਉਹ ਚਰਚਾ ਹੈ ਵੋਟ ਫੀਸਦ ਨੂੰ ਲੈ ਕੇ ਸੀਟਾਂ ਦੇ ਮੱਦੇਨਜ਼ਰ ਝਾਤ ਪਾਈ ਜਾਵੇ ਤਾਂ ਸੱਤਾਧਿਰ ਕਾਂਗਰਸ ਦੇ ਹੱਥ 8 ਸੀਟਾ ਲੱਗੀਆਂ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਨੂੰ ਦੋ -ਦੋ ਸੀਟਾਂ ਮਿਲੀਆਂ ਹਨ ਜਦੋ ਕਿ ਆਮ ਆਦਮੀ ਪਾਰਟੀ ਨੂੰ ਮਹਿਜ ਇਕ ਸੀਟ ਤੇ ਸਬਰ ਕਰਨਾ ਪਿਆ।

ਜੇਕਰ ਵੋਟ ਫੀਸਦ ਦੀ ਗੱਲ ਕੀਤੀ ਜਾਵੇ ਤਾਂ ਸੱਤਾਧਿਰ ਕਾਂਗਰਸ ਨੂੰ 55 ਲੱਖ 10 ਹਜ਼ਾਰ 403 ਵੋਟਾਂ ਮਿਲੀਆਂ ਜੋ ਕਿ ਕੁੱਲ ਵੋਟਾਂ ਦਾ 40.2 ਫੀਸਦੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ 37 ਲੱਖ 72 ਹਜ਼ਾਰ 117 ਵੋਟਾਂ ਮਿਲੀਆਂ ਜੋ ਕਿ 27.9 ਫੀਸਦੀ ਹਿੱਸਾ ਹੈ। ਉਥੇ ਹੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਪ ਨੂੰ 10 ਲੱਖ 10 ਹਜ਼ਾਰ 807 ਵੋਟਾਂ ਮਿਲੀਆਂ ਜੋ ਕਿ 7.4 ਫੀਸਦ ਬਣਦਾ ਹੈ।

ਜਦੋਂ ਕਿ ਬੀਜੇਪੀ ਨੂੰ 13 ਲੱਖ 11 ਹਜਾਰ 961 ਵੋਟਾਂ ਮਿਲੀਆਂ ਨੇ ਜੋ ਕਿ ਕੁੱਲ ਵੋਟਾਂ ਦਾ 9.6 ਫੀਸਦੀ ਹੈ।ਇਸ ਤੋਂ ਇਲਾਵਾ ਬਸਪਾ ਦਾ ਵੀ ਚੰਗਾ ਪ੍ਰਦਰਸ਼ਨ ਰਿਹਾ ਹੈ ਜਿਸ ਦੇ ਵੋਟ ਫੀਸਦ ਵਿਚ ਇਜ਼ਾਫਾ ਹੋਇਆ ਹੈ। ਬਸਪਾ ਨੂੰ ਕੁੱਲ 4 ਲੱਖ 79 ਹਜ਼ਾਰ 439 ਵੋਟਾਂ ਮਿਲੀਆਂ ਜੋ 3.5 ਫੀਸਦ ਬਣਦਾ ਹੈ। ਇਸ ਤੋਂ ਇਲਾਵਾ ਹੋਰ ਸਿਆਸੀ ਜਮਾਤਾਂ ਨੂੰ ਪੰਜਾਬ ਵਿੱਚ 14 ਲੱਖ 7 ਹਜ਼ਾਰ 733 ਵੋਟਾਂ ਮਿਲੀਆਂ ਨੇ ਜੋ 10.3 ਫੀਸਦ ਬਣਦਾ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੰਘੀਆਂ ਚੋਣਾਂ 'ਚ ਵੀ ਸੱਤਾਧਿਰ ਕਾਂਗਰਸ ਨੂੰ ਪੰਜਾਬ 'ਚ ਬਾਕੀ ਪਾਰਟੀਆਂ ਨਾਲੋਂ ਜ਼ਿਆਦਾ ਫ਼ੀਸਦ ਵੋਟਾਂ ਮਿਲੀਆਂ ਸਨ। ਕਾਂਗਰਸ ਨੇ 59 ਲੱਖ 45 ਹਜਾਰ 899 ਵੋਟਾਂ ਹਾਸਲ ਕੀਤੀਆਂ ਸਨ ਜੋ ਕਿ ਕੁੱਲ ਵੋਟਾਂ ਦਾ 38.64 ਫੀਸਦ ਸੀ ਨਾਲ ਹੀ ਆਮ ਆਦਮੀ ਪਾਰਟੀ ਨੂੰ 36 ਲੱਖ 62 ਹਜਾਰ 665 ਵੋਟਾਂ ਮਿਲੀਆਂ ਸਨ ਜੋ ਕਿ 23.80 ਫੀਸਦ ਬਣਦਾ ਸੀ। ਸ਼੍ਰੋਮਣੀ ਅਕਾਲੀ ਦਲ ਨੂੰ 38 ਲੱਖ 98 ਹਜਾਰ 161 ਵੋਟਾਂ ਮਿਲੀਆਂ ਸੀ ਜਿਨਾਂ ਦਾ 25.33 ਫੀਸਦ ਬਣਦਾ ਸੀ।

ਜ਼ਿਕਰ ਏ ਖਾਸ ਹੈ ਕਿ ਇਸ ਵਾਰ ਦੀ ਵੋਟ ਫ਼ੀਸਦ ਸਿਆਸੀ ਦਲਾਂ ਨੂੰ ਹਿਲਾਉਣ ਲਈ ਕਾਫੀ ਨੇ ਤੇ ਕਈਆਂ ਨੂੰ ਰਾਹਤ ਵੀ ਦੇ ਸਕਦੇ ਹਨ। ਇਸ ਵਾਰ ਕਾਂਗਰਸ ਦਾ ਵੋਟ ਫੀਸਦ 2 ਫੀਸਦ ਵਧਿਆ ਹੈ ਤਾਂ ਅਕਾਲੀ ਦਲ ਨੇ ਵੀ 2 ਫੀਸਦ ਵੋਟ ਵਿਚ ਵਾਧਾ ਕਰ ਲਿਆ ਹੈ। ਉਥੇ ਹੀ ਆਪ ਦਾ ਵੋਟ ਫੀਸਦ 23.80 ਤੋਂ ਘਟ ਕੇ 7 ਫੀਸਦ ਤੇ ਆ ਡਿੱਗਾ ਹੈ, ਜਿਸ ਨਾਲ ਆਮ ਆਦਮੀ ਪਾਰਟੀ ਦੀਆਂ ਸਿਆਸੀ ਜੜਾਂ ਹਿਲਾ ਕੇ ਰੱਖ ਦਿੱਤੀਆਂ ਹਨ।

-PTC News

Related Post