ਲੌਕਡਾਊਨ ਖੁੱਲ੍ਹਿਆ ਤਾਂ LPG ਸਿਲੰਡਰ ਮਹਿੰਗਾ ! ਕਿੱਧਰ ਜਾਵੇ ਆਮ ਆਦਮੀ ?

By  Panesar Harinder June 1st 2020 12:59 PM

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਕਾਰਨ ਬੰਦ ਪਏ ਕੰਮਾਂ-ਕਾਰਾਂ ਕਾਰਨ ਘਰ-ਪਰਿਵਾਰ ਦੇ ਖਰਚੇ ਚੁੱਕਣ ਤੋਂ ਬੇਬਸ ਹੋਏ ਮੱਧ-ਵਰਗੀ ਪਰਿਵਾਰਾਂ ਲਈ ਹੁਣ ਰਸੋਈ ਗੈਸ ਦੇ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧੇ ਦੀ ਖ਼ਬਰ ਹੋਰ ਵੀ ਨਿਰਾਸ਼ਾ ਦਾ ਆਲਮ ਲੈ ਕੇ ਆਈ ਹੈ। ਜੀ ਹਾਂ, ਘਰੇਲੂ ਰਸੋਈ ਗੈਸ ਸਿਲੰਡਰ ਮਹਿੰਗਾ ਹੋ ਗਿਆ ਹੈ, ਅਤੇ ਹੁਣ 1 ਜੂਨ ਤੋਂ ਲਾਗੂ ਕੀਮਤਾਂ ਅਨੁਸਾਰ ਰਾਜਧਾਨੀ ਦਿੱਲੀ 'ਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਲਈ ਹੁਣ 11.50 ਰੁਪਏ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਦੇਸ਼ ਦੇ ਚਾਰ ਮਹਾਨਗਰਾਂ ਦੀ ਗੱਲ ਕਰੀਏ ਤਾਂ ਦਿੱਲੀ 'ਚ ਹੁਣ 14.2 ਕਿੱਲੋ ਦੇ LPG ਸਿਲੰਡਰ ਲਈ 593 ਰੁਪਏ ਚੁਕਾਉਣੇ ਪੈਣਗੇ। ਪਿਛਲੇ ਮਹੀਨੇ ਇਹ ਕੀਮਤ 581.50 ਰੁਪਏ ਸੀ। ਇਸੇ ਤਰ੍ਹਾਂ ਕੋਲਕਾਤਾ 'ਚ ਹੁਣ ਇੱਕ ਸਿਲੰਡਰ ਲਈ 584.50 ਰੁਪਏ ਦੀ ਬਜਾਏ ਜੇਬ 'ਚੋਂ 616 ਰੁਪਏ ਖ਼ਰਚ ਕਰਨੇ ਪੈਣਗੇ। ਮੁੰਬਈ 'ਚ ਪਿਛਲੇ ਮਹੀਨੇ ਜਿਹੜੇ ਸਿਲੰਡਰ ਦਾ ਰੇਟ 579 ਰੁਪਏ ਸੀ, ਉਹ ਹੁਣ 590.50 ਰੁਪਏ ਦਾ ਹੋ ਗਿਆ ਹੈ। ਇਸੇ ਤਰ੍ਹਾਂ ਚੇਨਈ 'ਚ ਪਿਛਲੇ ਮਹੀਨੇ ਦੇ 569.50 ਰੁਪਏ ਦੇ ਮੁਕਾਬਲੇ ਇਸ ਮਹੀਨੇ ਘਰੇਲੂ ਸਿਲੰਡਰ ਲਈ 606.50 ਰੁਪਏ ਚੁਕਾਉਣੇ ਪੈਣਗੇ। ਦੱਸ ਦੇਈਏ ਕਿ ਤੇਲ ਕੰਪਨੀਆਂ ਹਰ ਮਹੀਨੇ ਦੀ 1 ਤਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। 1 ਤਾਰੀਕ ਨੂੰ ਤੈਅ ਹੋਣ ਵਾਲੇ ਰੇਟ ਪੂਰਾ ਮਹੀਨਾ ਲਾਗੂ ਰਹਿੰਦੇ ਹਨ।

ਕੌਮਾਂਤਰੀ ਬਾਜ਼ਾਰ 'ਚ ਸਸਤੀ ਹੋ ਰਹੀ ਰਸੋਈ ਗੈਸ, ਜ਼ੀਰੋ 'ਤੇ ਪੁੱਜੀ ਸਬਸਿਡੀ

ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲਾਕਡਾਊਨ ਦਾ ਅਸਰ ਇਹ ਹੈ ਕਿ ਦੁਨੀਆ ਦੀ ਵੱਡੀ ਆਬਾਦੀ ਘਰਾਂ 'ਚ ਕੈਦ ਹੈ ਤੇ ਹਰ ਤਰ੍ਹਾਂ ਦਾ ਕੰਮਕਾਜ ਲੰਮਾ ਸਮਾਂ ਠੱਪ ਪਿਆ ਰਹਿਣ ਤੋਂ ਬਾਅਦ ਹੁਣ ਹੌਲੀ ਹੌਲੀ ਕੁਝ ਚਾਲ ਵਿੱਚ ਆਉਣ ਲੱਗਿਆ ਹੈ। ਅਜਿਹੇ ਵਿੱਚ ਕੱਚੇ ਤੇਲ ਦੇ ਨਾਲ ਨਾਲ ਰਸੋਈ ਗੈਸ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਹੇਠਾਂ ਡਿੱਗੀਆਂ ਹਨ। ਉੱਥੇ ਹੀ ਸਰਕਾਰ ਨੇ ਪਿਛਲੇ ਮਹੀਨਿਆਂ 'ਚ ਰਸੋਈ ਗੈਸ ਦੇ ਭਾਅ ਵਧਾਏ ਹਨ। ਇਸ ਦਾ ਅਸਰ ਇਹ ਹੈ ਕਿ ਪਿਛਲੇ ਮਹੀਨੇ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਜ਼ੀਰੋ 'ਤੇ ਪਹੁੰਚ ਗਈ। ਏਨਾ ਹੀ ਨਹੀਂ, ਸਬਸਿਡੀ ਦੇਣ ਤੋਂ ਬਾਅਦ ਵੀ ਸਰਕਾਰ ਪ੍ਰਤੀ ਸਿਲੰਡਰ ਕਰੀਬ 150 ਰੁਪਏ ਦੀ ਕਮਾਈ ਕਰਨ ਦੀ ਸਥਿਤੀ 'ਚ ਆ ਗਈ ਹੈ। ਹੁਣ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਆਰਥਿਕ ਤੰਗੀ ਨਾਲ ਲੰਮਾਂ ਸਮਾਂ ਜੂਝਣ ਵਾਲੇ ਆਮ ਆਦਮੀ ਤੱਕ ਫ਼ਾਇਦਾ ਪਹੁੰਚਾਉਣ ਬਾਰੇ ਵੀ ਕਦਮ ਚੁੱਕਣੇ ਚਾਹੀਦੇ ਹਨ।

ਆਓ ਰਾਜਧਾਨੀ ਦਿੱਲੀ ਵਿੱਚ ਪਿਛਲੇ 5 ਮਹੀਨਿਆਂ ਦੌਰਾਨ ਸਿਲੰਡਰਾਂ ਦੇ ਭਾਅ 'ਤੇ ਇੱਕ ਨਜ਼ਰ ਮਾਰੀਏ (ਗ਼ੈਰ-ਸਬਸਿਡੀ ਰਸੋਈ ਗੈਸ ਸਿਲੰਡਰ)

ਜਨਵਰੀ 2020 - 714.00 ਰੁਪਏ

ਫਰਵਰੀ 2020 - 858.50 ਰੁਪਏ

ਮਾਰਚ 2020 - 805.50 ਰੁਪਏ

ਅਪ੍ਰੈਲ 2020 - 744.00 ਰੁਪਏ

ਮਈ 2020 - 581.50 ਰੁਪਏ

Related Post