ਲੁਧਿਆਣਾ 'ਚ ਤੜਕੇ -ਤੜਕੇ ਕੋਰੋਨਾ ਦੇ 14 ਹੋਰ ਮਾਮਲੇ ਆਏ ਸਾਹਮਣੇ, 9 ਸ਼ਰਧਾਲੂ ਨਿਕਲੇ ਕੋਰੋਨਾ ਪਾਜ਼ੀਟਿਵ

By  Shanker Badra May 5th 2020 11:01 AM

ਲੁਧਿਆਣਾ 'ਚ ਤੜਕੇ -ਤੜਕੇ ਕੋਰੋਨਾ ਦੇ 14 ਹੋਰ ਮਾਮਲੇ ਆਏ ਸਾਹਮਣੇ, 9 ਸ਼ਰਧਾਲੂ ਨਿਕਲੇ ਕੋਰੋਨਾ ਪਾਜ਼ੀਟਿਵ:ਲੁਧਿਆਣਾ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਨਿਰੰਤਰ ਹੋ ਰਹੇ ਵਾਧੇ ਨੇ ਸਮੁੱਚੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਦਕਿ ਅੱਜ ਦਿਨ ਚੜਦਿਆਂ ਹੀ ਲੁਧਿਆਣਾ ਵਿਚ ਕੋਰੋਨਾ ਦੇ 14 ਹੋਰ ਮਾਮਲੇ ਸਾਹਮਣੇ ਆਏ ਹਨ।

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜਿਲ੍ਹਾ ਸਿਹਤ ਪ੍ਰਸ਼ਾਸਨ ਨੂੰ ਅੱਜ ਸਵੇਰੇ 704 ਜਾਂਚ ਨਮੂਨਿਆਂ ਦੀ ਸੂਚੀ ਪ੍ਰਾਪਤ ਹੋਈ ਹੈ, ਜਿਸ ਵਿਚ 14 ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਤਰ੍ਹਾਂ ਲੁਧਿਆਣਾ ਵਿਚ ਕੋਰੋਨਾ ਵਾਇਰਸ ਪੀੜਤਾਂ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 124 ਤੱਕ ਪਹੁੰਚ ਗਿਆ ਹੈ।

ਦੱਸਣਯੋਗ ਹੈ ਕਿ ਲੁਧਿਆਣਾ ਜ਼ਿਲੇ ਵਿਚ ਬੀਤੀ ਰਾਤ ਕੋਰੋਨਾ ਵਾਇਰਸ ਦੇ 13 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਇੱਕ ਅੱਜ ਸਵੇਰੇ ਪਾਜ਼ੀਟਿਵ ਪਾਇਆ ਗਿਆ ਹੈ। ਜਿਨ੍ਹਾਂ 'ਚੋਂ 9 ਸ੍ਰੀ ਹਜੂਰ ਸਾਹਿਬ ਤੋਂ ਆਏ ਸ਼ਰਧਾਲੂ ਹਨ, 4 ਲੁਧਿਆਣਾ ਦੇ ਅਤੇ ਇੱਕ ਹੋਰ ਹੈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਪਾਜ਼ੀਟਿਵ ਮਰੀਜ਼ਾਂ 'ਚ ਜ਼ਿਆਦਾਤਰ ਮਰੀਜ਼ ਬਾਹਰ ਤੋਂ ਆਏ ਹੋਏ ਤੀਰਥਯਾਤਰੀ ਹਨ।

ਇਸ ਤੋਂ ਪਹਿਲਾਂ ਅੱਜ ਸਵੇਰੇ ਫ਼ਾਜ਼ਿਲਕਾ 'ਚ ਕੋਰੋਨਾ ਵਾਇਰਸ ਦੇ 30 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 34 ਹੋ ਗਈ ਹੈ। ਦੱਸ ਦੇਈਏ ਕਿ ਜਿਹੜੇ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਤੋਂ ਆਏ ਹਨ,ਉਨ੍ਹਾਂ 'ਚੋਂ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ।

-PTCNews

Related Post