ਰਿੰਕਲ ਕਤਲ ਮਾਮਲਾ :ਪੀੜਤ ਪਰਿਵਾਰ ਇਨਸਾਫ਼ ਲਈ ਪੁੱਜਾ ਹਾਈਕੋਰਟ

By  Shanker Badra August 1st 2018 08:55 PM

ਰਿੰਕਲ ਕਤਲ ਮਾਮਲਾ :ਪੀੜਤ ਪਰਿਵਾਰ ਇਨਸਾਫ਼ ਲਈ ਪੁੱਜਾ ਹਾਈਕੋਰਟ:ਲੁਧਿਆਣਾ ‘ਚ ਰਿੰਕਲ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਇਨਸਾਫ਼ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਪੁੱਜਾ ਹੈ।ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਨੇ ਆਪਣੇ ਮ੍ਰਿਤਕ ਪੁੱਤਰ ਰਿੰਕਲ ਦੇ ਅੰਤਿਮ ਸਸਕਾਰ ਨੂੰ ਲੈ ਕੇ ਹਾਈਕੋਰਟ ਦਾ ਦਰਵਾਜ਼ਾ ਖਟਕਾਇਆ ਹੈ।ਇਸ ਮਾਮਲੇ 'ਚ ਹਾਈਕੋਰਟ ਨੇ ਕਿਹਾ ਹੈ ਕਿ ਪਰਿਵਾਰ ਦੇ ਨਾਲ ਪੂਰਾ ਇਨਸਾਫ ਹੋਵੇਗਾ।

ਦੱਸ ਦੇਈਏ ਕਿ ਬੀਤੇ ਦਿਨੀਂ ਪੁਲਿਸ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਸੀ ਕਿ ਜੇਕਰ ਪੀੜਤ ਪਰਿਵਾਰ ਨੇ 24 ਘੰਟੇ ਦੇ ਅੰਦਰ ਮ੍ਰਿਤਕ ਰਿੰਕਲ ਦਾ ਸਸਕਾਰ ਨਹੀਂ ਕੀਤਾ ਤਾਂ ਪੁਲਿਸ ਖੁਦ ਅੰਤਿਮ ਸਸਕਾਰ ਕਰੇਗੀ।ਇਸ ਤੋਂ ਬਾਅਦ ਮ੍ਰਿਤਕ ਰਿੰਕਲ ਦੀ ਮਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਸ ਤਰ੍ਹਾਂ ਹੋਇਆ ਤਾਂ ਉਹ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਦੇ ਘਰ ਬਾਹਰ ਮਿੱਟੀ ਦਾ ਤੇਲ ਪਾ ਕੇ ਆਤਮ ਹੱਤਿਆ ਕਰ ਲਵੇਗੀ।

ਮ੍ਰਿਤਕ ਨੌਜਵਾਨ ਰਿੰਕਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਮੁੱਖ ਮੁਲਜ਼ਮ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ,ਓਦੋਂ ਤੱਕ ਉਹ ਆਪਣੇ ਪੁੱਤਰ ਦਾ ਸਸਕਾਰ ਨਹੀਂ ਕਰਨਗੇ।

ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਪਿਛਲੇ ਦਿਨੀਂ ਕਾਂਗਰਸੀ ਕੌਂਸਲਰ ਦੇ ਪੁੱਤਰ ਤਜਿੰਦਰਪਾਲ ਸਿੰਘ ਸਨੀ ਨੂੰ ਗ੍ਰਿਫਤਾਰ ਕਰ ਲਿਆ ਸੀ।ਜਿਸ ਨੂੰ ਅਦਾਲਤ ਨੇ 5 ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ ਪਰ ਅੱਜ ਉਸਦਾ ਪੁਲਿਸ ਰਿਮਾਂਡ ਖ਼ਤਮ ਹੋ ਗਿਆ ਹੈ।ਅਦਾਲਤ ਨੇ ਹੁਣ ਕਾਂਗਰਸੀ ਕੌਂਸਲਰ ਦੇ ਪੁੱਤਰ ਤਜਿੰਦਰਪਾਲ ਸਿੰਘ ਸਨੀ ਨੂੰ ਜੇਲ੍ਹ ਭੇਜ ਦਿੱਤਾ ਹੈ।

-PTCNews

Related Post