ਜਨਤਕ ਥਾਂ 'ਤੇ ਥੁੱਕਣ ਕਾਰਨ ਹੋਏ ਝਗੜੇ ਵਿਚ ਇੱਕ ਵਿਅਕਤੀ ਦੀ ਮੌਤ, ਦੋਸ਼ੀ ਗ੍ਰਿਫ਼ਤਾਰ

By  Kaveri Joshi June 12th 2020 01:55 PM

ਨਵੀਂ ਦਿੱਲੀ :ਜਨਤਕ ਥਾਂ 'ਤੇ ਥੁੱਕਣ ਕਾਰਨ ਹੋਏ ਝਗੜੇ ਵਿਚ ਇੱਕ ਵਿਅਕਤੀ ਦੀ ਮੌਤ, ਦੋਸ਼ੀ ਗ੍ਰਿਫ਼ਤਾਰ : ਕੋਰੋਨਾਵਾਇਰਸ ਦੇ ਪ੍ਰਭਾਵ ਹੇਠ ਆਏ ਦੇਸ਼ ਦੇ ਕਾਫ਼ੀ ਰਾਜਾਂ ਦੀ ਸਥਿਤੀ ਲੋਕਾਂ ਦੇ ਮਨ 'ਚ ਖੌਫ਼ ਪੈਦਾ ਕਰ ਰਹੀ ਹੈ , ਜਿਸਦੇ ਚਲਦੇ ਜਿੱਥੇ ਕਈ ਲੋਕ ਕਾਫ਼ੀ ਚੌਕਸ ਹੋ ਚੁੱਕੇ ਹਨ , ਉੱਥੇ ਹੀ ਕੁਝ ਲੋਕਾਂ ਦੀ ਅਣਗਹਿਲੀ ਆਪਸੀ ਬਹਿਸ ਅਤੇ ਲੜਾਈ ਦਾ ਕਾਰਨ ਬਣ ਰਹੀ ਹੈ ।ਇਸੇ ਲਾਪਰਵਾਹੀ ਦੇ ਚਲਦੇ ਦਿੱਲੀ 'ਚ ਜਨਤਕ ਥਾਂ 'ਤੇ ਥੁੱਕਣ ਕਾਰਨ ਹੋਏ ਝਗੜੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ ।

ਮਿਲੀ ਜਾਣਕਾਰੀ ਮੁਤਾਬਿਕ ਬੁੱਧਵਾਰ ਸ਼ਾਮ ਨੂੰ ਦਿੱਲੀ ਦੇ ਮੰਦਰ ਮਾਰਗ ਖੇਤਰ ਵਿੱਚ ਲੋਕਾਂ ਵਿੱਚ ਥੁੱਕਣ ਨੂੰ ਲੈ ਕੇ ਹੋਈ ਹਿੰਸਕ ਲੜਾਈ 'ਚ ਇੱਕ 26 ਸਾਲਾ ਡਰਾਈਵਰ ਦੀ ਮੌਤ ਹੋ ਗਈ। ਉਕਤ ਮ੍ਰਿਤਕ ਡਰਾਈਵਰ ਭਾਈ ਵੀਰ ਸਿੰਘ ਮਾਰਗ, ਕਰਨਾਟਕ ਸੰਗੀਤ ਸਭਾ ਦਾ ਵਸਨੀਕ ਹੈ ।

ਬੀਤੇ ਮੰਗਲਵਾਰ ਵਾਲੇ ਦਿਨ ਡਰਾਈਵਰ ਅੰਕਿਤ ਨੇ ਮੰਦਰ ਮਾਰਗ ਕੋਲ ਇੱਕ ਪ੍ਰਵੀਨ ਨਾਮਕ ਵਿਅਕਤੀ ਨੂੰ ਥੁੱਕਦੇ ਹੋਏ ਦੇਖਿਆ ਅਤੇ ਅੰਕਿਤ ਵੱਲੋਂ ਪ੍ਰਵੀਨ ਦੁਆਰਾ ਥੁੱਕਣ 'ਤੇ ਇਤਰਾਜ ਜਤਾਏ ਜਾਣ 'ਤੇ ਦੋਨਾਂ ਵਿਚਾਲੇ ਬਹਿਸ ਹੋ ਗਈ । ਇਸ ਉਪਰੰਤ ਬੁੱਧਵਾਰ ਨੂੰ ਮੱਧ ਦਿੱਲੀ ਚ ਸ਼ਹੀਦ ਭਗਤ ਸਿੰਘ ਕੰਪਲੈਕਸ 'ਚ ਦੋਨਾਂ ਦੀ ਜ਼ਬਰਦਸਤ ਲੜਾਈ ਹੋਈ ਅਤੇ ਇਸ ਲੜਾਈ 'ਚ ਦੋਨੋਂ ਜ਼ਖਮੀ ਹੋ ਗਏ ਅਤੇ ਜ਼ਿਆਦਾ ਖੂਨ ਵਹਿ ਜਾਣ ਕਾਰਨ ਅੰਕਿਤ ਦੀ ਜਾਨ ਚਲੀ ਗਈ ।

ਸੀਨੀਅਰ ਅਧਿਕਾਰੀ ਦੀਪਕ ਯਾਦਵ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਲੜਾਈ ਕੋਰੋਨਾਵਾਇਰਸ ਦੇ ਡਰੋਂ ਵੱਧ ਗਈ ਸੀ , ਕਿਉਂਕਿ ਕੌਮੀ ਰਾਜਧਾਨੀ ਅਤੇ ਕਈ ਹੋਰ ਸ਼ਹਿਰਾਂ ਵਿੱਚ ਬਹੁਤ ਹੀ ਕੋਰੋਨਾ ਦੇ ਮੱਦੇਨਜ਼ਰ ਲੋਕਾਂ ਦੁਆਰਾ ਜਨਤਕ ਥਾਵਾਂ 'ਤੇ ਥੁੱਕਣ ਦੀ ਪਾਬੰਦੀ ਲਗਾਈ ਗਈ ਹੈ।

ਦੱਸ ਦੇਈਏ ਕਿ ਕੋਵਿਡ -19 ਦੇ ਪ੍ਰਸਾਰ ਦੀ ਤੇਜ਼ੀ ਦੌਰਾਨ ਕਈ ਰਾਜਾਂ ਵਿੱਚ ਥੁੱਕਣ 'ਤੇ ਪਾਬੰਦੀ ਲਗਾਈ ਗਈ ਹੈ ਹਾਲਾਂਕਿ ਪੁਲਿਸ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਲੜਾਈ ਇਸ ਕਾਰਨ ਹੋਈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ ।

ਜ਼ਿਕਰਯੋਗ ਹੈ ਕਿ ਰਾਜਾ ਬਾਜ਼ਾਰ ਵਾਸੀ 29 ਸਾਲਾ ਦੋਸ਼ੀ ਪ੍ਰਵੀਨ ਜੋ ਕਿ ਇੱਕ ਨੈਟਵਰਕ ਇੰਜੀਨੀਅਰ ਹੈ , ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਪੂਰੇ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ।

Related Post