ਜੀ.ਕੇ. ’ਤੇ ਹਮਲਾ ਕਰਨ ਵਾਲਿਆ ਖਿਲਾਫ਼ ਕਾਰਵਾਈ ਦੀ ਅਕਾਲੀ ਦਲ ਨੇ ਕੀਤੀ ਮੰਗ

By  Shanker Badra August 27th 2018 07:34 PM

ਜੀ.ਕੇ. ’ਤੇ ਹਮਲਾ ਕਰਨ ਵਾਲਿਆ ਖਿਲਾਫ਼ ਕਾਰਵਾਈ ਦੀ ਅਕਾਲੀ ਦਲ ਨੇ ਕੀਤੀ ਮੰਗ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ’ਤੇ ਅਮਰੀਕਾ ਵਿਖੇ ਹੋਏ ਹਮਲੇ ਨੂੰ ਲੈ ਕੇ ਅੱਜ ਸ਼੍ਰੁੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਭਾਰਤ ’ਚ ਅਮਰੀਕਾ ਦੇ ਰਾਜਦੂਤ ਕੈਨੇਥ ਇਆਨ ਜਸਟਰ ਨਾਲ ਮੁਲਾਕਾਤ ਕੀਤੀ।ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ’ਚ ਗਏ ਵਫ਼ਦ ਨੇ ਜੀ.ਕੇ. ’ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਮੰਗ ਪੱਤਰ ਵੀ ਦਿੱਤਾ।ਵਫ਼ਦ ’ਚ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਅਤੇ ਜੀ.ਕੇ. ਦੇ ਪੁੱਤਰ ਇਸ਼ਮੋਹਨ ਸਿੰਘ ਜੀ.ਕੇ. ਸ਼ਾਮਲ ਸਨ। ਵਫ਼ਦ ਨੇ ਅਮਰੀਕੀ ਸ਼ਫ਼ੀਰ ਨੂੰ ਸਿੱਖ ਫਾੱਰ ਜਸਟਿਸ ਵੱਲੋਂ ਸਿੱਖਾਂ ਨੂੰ ਹੀ ਪਰੇਸ਼ਾਨ ਕੀਤੇ ਜਾਣ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਥੇਬੰਦੀ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂੰ ਦਾ ਪੂਰਾ ਕਾਨੂੰਨੀ ਕਾਰਜਵਿਹਾਰ ਲੋਕਾਂ ’ਚ ਨਫ਼ਰਤ ਪੈਦਾ ਕਰਕੇ ਆਪਣਾ ਸਿਆਸੀ ਅਤੇ ਆਰਥਿਕ ਮਨੌਰਥ ਹਲ ਕਰਨ ਵਰਗਾ ਹੈ। ਬੀਬਾ ਬਾਦਲ ਨੇ ਜੋਰ ਦੇ ਕੇ ਕਿਹਾ ਕਿ ਪੰਨੂੰ ਦਾ ਕੰਮ ਅਵੈਧ ਵੀਜ਼ਾ ਰੈਕੇਟ ਚਲਾਉਂਦੇ ਹੋਏ ਲੋਕਾਂ ਨੂੰ ਫਰਜੀ ਤਰੀਕੇ ਨਾਲ ਸਿਆਸੀ ਪਨਾਹ ਦਿਵਾਉਣ ਦਾ ਹੈ। ਜਿਸਦੇ ਲਈ ਬਕਾਇਦਾ ਭਾਰਤ ਨੂੰ ਬਦਨਾਮ ਕਰਨ ਵਾਸਤੇ ਫਰਜੀ ਕਾਗਜ ਤਿਆਰ ਕਰਕੇ ਅਮਰੀਕਾ ਗਏ ਭਾਰਤੀ ਲੋਕਾਂ ਨੂੰ ਸਿਆਸੀ ਪਨਾਹ ਦਿਵਾਈ ਜਾਂਦੀ ਹੈ। ਉਸਦੀ ਜੱਥੇਬੰਦੀ ’ਚ ਅਜਿਹੇ ਲੋਕ ਸ਼ਾਮਲ ਹਨ ਜਿਨ੍ਹਾਂ ਦਾ ਕਾਰਜ ਖਾਲਿਸਤਾਨ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰਨਾ ਹੈ। ਪਰ ਅਸਲ ’ਚ ਉਹ ਭਾਰਤੀ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਉਪਰੰਤ ਭਾਰਤੀ ਕਾਨੂੰਨ ਤੋਂ ਭਗੌੜੇ ਹਨ। ਖਾਸ ਕਰਕੇ ਭਾਰਤ ਤੋਂ ਭਗੌੜੇ ਜਸਬੀਰ ਸਿੰਘ ਲੁਬਾਣਾ ਹੈ, ਜਿਸਨੇ 1984 ਸਿੱਖ ਕਤਲੇਆਮ ਦੀ ਗਵਾਹ ਬੀਬੀ ਦਰਸ਼ਨ ਕੌਰ ਦੀ ਗਵਾਹੀ ਨੂੰ ਬਦਲਾਉਣ ਦੀ ਗੁਸਤਾਖੀ ਆਪਣੇ ਨਿਜ਼ੀ ਮੁਫਾਦ ਲਈ ਕੀਤੀ ਸੀ। ਉਹ ਇਸ ਜਥੇਬੰਦੀ ਦੇ ਮੈਂਬਰ ਵੱਜੋਂ ਕਾਰਜਸ਼ੀਲ ਹੈ ਅਤੇ ਭਾਰਤ ਨੂੰ ਵੰਡਣ ਦਾ ਸੁਪਨਾ ਦੇਖਦਾ ਹੈ। ਵਫ਼ਦ ਨੇ ਅਮਰੀਕੀ ਸਫ਼ੀਰ ਨੂੰ ਦੱਸਿਆ ਕਿ ਜੀ.ਕੇ. ਅਮਰੀਕਾ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਬਾਰੇ ਦੇਸ਼-ਵਿਦੇਸ਼ ’ਚ ਦਿੱਲੀ ਕਮੇਟੀ ਵੱਲੋਂ ਆਯੌਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਦਾ ਜਾਇਜ਼ਾ ਲੈਣ ਲਈ ਅਮਰੀਕਾ ਦੌਰੇ ’ਤੇ ਹਨ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਸਦੇਸ਼ ਨੂੰ ਪ੍ਰਚਾਰਿਤ ਕਰਨ ਗਏ ਸਿੱਖ ਜਥੇਬੰਦੀ ਦੇ ਮੁੱਖੀ ’ਤੇ ਹਮਲਾ ਹੋਣਾ ਮੰਦਭਾਗਾ ਹੈ। ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਦਲ ਨੇ ਦੱਸਿਆ ਕਿ ਵਫ਼ਦ ਨੇ ਜੀ.ਕੇ. ਦੀ ਸੁਰੱਖਿਆ ਸੰਬੰਧੀ ਧਿਆਨ ਦੇਣ ਦੀ ਅਮਰੀਕੀ ਸਫ਼ੀਰ ਅੱਗੇ ਮੰਗ ਰੱਖੀ ਹੈ, ਨਾਲ ਹੀ ਹਮਲਾਵਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਨੂੰ ਨਫ਼ਰਤ ਵੰਡਣ ਦੇ ਨਾਂ ’ਤੇ ਕਾਨੂੰਨੀ ਵਿਭਾਗ ਚਲਾ ਰਿਹਾ ਹੈ, ਜਿਸਦਾ ਏਜੰਡਾ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਕੇ ਵਿਦੇਸ਼ੀ ਸ਼ਕਤੀਆਂ ਦੇ ਸੁਪਨੇ ਨੂੰ ਪੂਰਾ ਕਰਨਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅਮਰੀਕੀ ਸਫ਼ੀਰ ਵੱਲੋਂ ਅਮਰੀਕੀ ਕਾਨੂੰਨਾਂ ਦੇ ਹਿਸਾਬ ਨਾਲ ਹਮਲਾਵਰਾਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। -PTCNews

Related Post