ਸਾਇਕਲ ਫੈਡਰੇਸ਼ਨ ਆੱਫ ਇੰਡੀਆ ਦੀ ਦਸਤਾਰ ਮਾਮਲੇ ’ਚ ਕੋਈ ਭੂਮਿਕਾ ਨਹੀਂ:ਮਨਜੀਤ ਸਿੰਘ ਜੀ.ਕੇ.

By  Shanker Badra April 24th 2018 06:18 PM

ਸਾਇਕਲ ਫੈਡਰੇਸ਼ਨ ਆੱਫ ਇੰਡੀਆ ਦੀ ਦਸਤਾਰ ਮਾਮਲੇ ’ਚ ਕੋਈ ਭੂਮਿਕਾ ਨਹੀਂ:ਮਨਜੀਤ ਸਿੰਘ ਜੀ.ਕੇ.:ਸੋਸ਼ਲ ਮੀਡੀਆ ’ਤੇ ਸਿੱਖ ਸਾਇਕਲਿਸ਼ਟ ਜਗਦੀਪ ਸਿੰਘ ਪੁਰੀ ਨੂੰ ਦਸਤਾਰ ਸਣੇ ਸਾਇਕਲ ਮੁਕਾਬਲਿਆਂ ’ਚ ਹਿੱਸਾ ਨਾ ਲੈਣ ਦਾ ਜਿੰਮੇਵਾਰ ਸਾਇਕਲ ਫੈਡਰੇਸ਼ਨ ਆੱਫ ਇੰਡੀਆ ਨੂੰ ਦੱਸੇ ਜਾਣ ਦੀਆਂ ਚਲ ਰਹੀਆਂ ਪੋਸਟਾਂ ’ਤੇ ਫੈਡਰੇਸ਼ਨ ਦੀ ਸਫ਼ਾਈ ਸਾਹਮਣੇ ਆਈ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਾਇਕਲ ਫੈਡਰੇਸ਼ਨ ਆੱਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਨ੍ਹਾਂ ਸੰਦੇਸ਼ਾਂ ਨੂੰ ਝੂਠਾ ਦੱਸਿਆ ਹੈ।ਆਪਣੇ ਫੇਸਬੁੱਕ ਪੇਜ਼ ’ਤੇ ਲਾਈਵ ਹੋਣ ਦੌਰਾਨ ਜੀ.ਕੇ. ਨੇ ਕਿਹਾ ਕਿ ਫਰਾਂਸ ਦੇ ਸਾਇਕਲ ਕਲੱਬ ਓਡੇਕਸ ਕਲੱਬ ਪੈਰੀਸ਼ੀਅਨ ਦੀ ਭਾਰਤੀ ਸਹਿਯੋਗੀ ਓਡੇਕਸ ਇੰਡੀਆ ਰੈਨਡੋਨਰਸ ਨੇ ਦਰਅਸਲ ਪੁਰੀ ਨੂੰ ਦਸਤਾਰ ਸਣੇ ਸਾਇਕਲ ਮੁਕਾਬਲੇ ਤੋਂ ਹਿੱਸਾ ਲੈਣ ਤੋਂ ਰੋਕਿਆ ਸੀ।ਪਰ ਕੁਝ ਸਿਆਸੀ ਲੋਕਾਂ ਨੇ ਜਾਣਬੁਝ ਕੇ ਸਾਇਕਲ ਫੈਡਰੇਸ਼ਨ ਆਫ ਇੰਡੀਆ ਨੂੰ ਇਸ ਲਈ ਜਿੰਮੇਵਾਰ ਠਹਿਰਾ ਦਿੱਤਾ।ਜਦਕਿ ਓਡੇਕਸ ਇੰਡੀਆ ਨੂੰ ਪੈਰਿਸ ਦੇ ਕਲੱਬ ਵੱਲੋਂ ਮਾਨਤਾ ਦਿੱਤੀ ਗਈ ਹੈ।

ਜੀ.ਕੇ. ਨੇ ਸਾਫ ਕੀਤਾ ਕਿ ਸਾਇਕਲ ਫੈਡਰੇਸ਼ਨ ਆੱਫ ਇੰਡੀਆ ਕੋਲ ਜੇਕਰ ਕੋਈ ਸਿੱਖ ਖਿਡਾਰੀ ਦਸਤਾਰ ਸਣੇ ਮੁਕਾਬਲੇ ’ਚ ਭਾਗ ਲੈਣ ਦੀ ਇੱਛਾ ਜਤਾਉਂਦਾ ਹੈ ਤਾਂ ਫੈਡਰੇਸ਼ਨ ਉਸਨੂੰ ਸ਼ਰਤਾਂ ਨਾਲ ਮੁਕਾਬਲੇ ’ਚ ਭਾਗ ਲੈਣ ਦੀ ਮਨਜੂਰੀ ਦਿੰਦੀ ਹੈ।ਖਿਡਾਰੀ ਕੋਲੋਂ ਹਲਫ਼ਨਾਮਾ ਲਿਆ ਜਾਂਦਾ ਹੈ ਕਿ ਮੁਕਾਬਲੇ ਦੌਰਾਨ ਹੇਲਮੇਟ ਨਾ ਪਾਉਣ ਕਰਕੇ ਹੋਣ ਵਾਲੇ ਕਿਸੇ ਹਾਦਸੇ ਲਈ ਫੈਡਰੇਸ਼ਨ ਜਿੰਮੇਵਾਰ ਨਹੀਂ ਹੋਵੇਗੀ।ਓਡੇਕਸ ਇੰਡੀਆ ਵੱਲੋਂ ਦਸਤਾਰ ਸਣੇ ਪੁਰੀ ਨੂੰ ਮੁਕਾਬਲੇ ’ਚ ਹਿੱਸਾ ਲੈਣ ਦੀ ਨਹੀਂ ਦਿੱਤੀ ਗਈ ਮਨਜੂਰੀ ’ਤੇ ਹੈਰਾਨੀ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ’ਚ ਸਿੱਖ ਨੂੰ 1200 ਸੀ.ਸੀ. ਦੀ ਬਾਇਕ ਚਲਾਉਣ ਲਈ ਹੇਲਮੇਟ ਪਾਉਣ ਦੀ ਲੋੜ ਨਹੀਂ ਹੈ, ਪਰ ਸਾਇਕਲ ਚਲਾਉਣ ਲਈ ਹੈ।ਇਸ ਤੋਂ ਵੱਡਾ ਮਜ਼ਾਕ ਕੁਝ ਨਹੀਂ ਹੋ ਸਕਦਾ।ਜੀ.ਕੇ. ਨੇ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ’ਚ ਸੁਪਰੀਮ ਕੋਰਟ ’ਚ ਦਸਤਾਰ ਦੀ ਲੋੜ ਅਤੇ ਧਾਰਮਿਕ ਪਰੰਪਰਾ ਬਾਰੇ ਜਾਣਕਾਰੀ ਦੇਣ ਲਈ ਕੇਸ ਦਾਇਰ ਕਰਨ ਦੀ ਵੀ ਜਾਣਕਾਰੀ ਦਿੱਤੀ।

-PTCNews

Related Post