ਖਾਲਸਾ ਸਾਜਣਾ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ

By  Jasmeet Singh April 14th 2022 07:29 PM -- Updated: April 14th 2022 08:25 PM

ਅੰਮ੍ਰਿਤਸਰ, 14 ਅਪ੍ਰੈਲ 2022: ਖਾਲਸਾ ਪੰਥ ਦਾ ਸਾਜਣਾ ਦਿਹਾੜਾ ਇਥੇ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਤੇ ਲੱਖਾਂ ਸ਼ਰਧਾਲੂਆਂ ਨੇ ਪਾਵਨ ਅਸਥਾਨ 'ਤੇ ਨਤਮਸਤਕ ਹੋ ਕੇ ਜਿਥੇ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਉਥੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸ਼ਰਧਾ ਪ੍ਰਗਟਾਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦੀ ਵੱਡੀ ਆਮਦ ਬਣੀ ਰਹੀ। ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਸਥਿਤ ਇਤਿਹਾਸਕ ਬੇਰੀਆਂ ਨੂੰ ਲੱਗਿਆ ਭਰਪੂਰ ਫਲ ਇਸੇ ਦੌਰਾਨ ਹਰ ਸਾਲ ਵਾਂਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਬੀਤੇ ਕਲ ਤੋਂ ਸਜੇ ਧਾਰਮਿਕ ਦੀਵਾਨ ਵਿਚ ਸਿੱਖ ਧਰਮ ਦੇ ਪ੍ਰਚਾਰਕ, ਕਥਾਵਾਚਕ, ਰਾਗੀ, ਢਾਡੀ ਅਤੇ ਕਵੀਸ਼ਰ ਜਥਿਆਂ ਨੇ ਸੰਗਤ ਨੂੰ ਖਾਲਸਾ ਪੰਥ ਦੇ ਸਾਜਣਾ ਦਿਹਾੜੇ ਦਾ ਸ਼ਾਨਾਮਤਾ ਇਤਿਹਾਸ ਸਰਵਨ ਕਰਵਾਇਆ ਅਤੇ ਸਿੱਖੀ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੀ ਅੱਜ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਪੰਥ ਪ੍ਰਸਿੱਧ ਕਵੀਆਂ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਈ: ਦੀ ਵਿਸਾਖੀ ਮੌਕੇ ਸਾਜੇ ਖਾਲਸੇ ਦੇ ਇਤਿਹਾਸ, ਖਾਲਸਾ ਪੰਥ ਵੱਲੋ ਮਾਰੀਆਂ ਮੱਲਾਂ, ਖਾਲਸੇ ਦੀ ਉੱਚੀ ਸੁੱਚੀ ਜੀਵਨ ਜਾਚ, ਅੰਮ੍ਰਿਤ ਦੀ ਮਹਾਨਤਾ ਆਦਿ ਦੇ ਸਬੰਧ ਵਿਚ ਕਵਿਤਾ ਪੇਸ਼ ਕੀਤੀਆਂ। ਕਵੀ ਦਰਬਾਰ ਦੌਰਾਨ ਹਾਜ਼ਰੀ ਭਰਨ ਵਾਲੇ ਕਵੀਆਂ ਵਿਚ ਸ. ਅਜੀਤ ਸਿੰਘ ਰਤਨ, ਸ. ਸਤਬੀਰ ਸਿੰਘ ਸ਼ਾਂਤ, ਸ. ਉਜਾਗਰ ਸਿੰਘ, ਬੀਬੀ ਮਨਜੀਤ ਕੌਰ ਪਹੁਵਿੰਡ ਸਮੇਤ ਹੋਰ ਹਾਜਰ ਸਨ। ਸਮਾਗਮ ਸਮੇਂ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਮੈਂਬਰਾਨ, ਅਧਿਕਾਰੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਾਹਿਬਾਨ ਨੇ ਵੀ ਹਾਜ਼ਰੀ ਭਰੀ। ਇਹ ਵੀ ਪੜ੍ਹੋ: ਵਿਸਾਖੀ ਮਨਾਉਣ ਪਾਕਿਸਤਾਨ ਗਏ ਸਿੱਖ ਦੀ ਹਾਰਟ ਅਟੈਕ ਨਾਲ ਹੋਈ ਮੌਤ ਸਟੇਜ ਦੀ ਸੇਵਾ ਪ੍ਰਚਾਰਕ ਭਾਈ ਤਰਸੇਮ ਸਿੰਘ, ਭਾਈ ਜੱਜ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਨੇ ਨਿਭਾਈ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿਚ 503 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। -PTC News

Related Post